ਟੈਕਸੀ ਡਰਾਈਵਰਾਂ ਲਈ ਸ਼ਖਸੀਅਤ ਵਿਕਾਸ ਵਿਸ਼ੇ ’ਤੇ 10 ਰੋਜ਼ਾ ਵਰਕਸ਼ਾਪ ਸ਼ੁਰੂ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਦੇ ਟੈਕਸੀ ਡਰਾਈਵਰਾਂ ਨੂੰ ਇਥੋਂ ਦੀ ਸੈਰ-ਸਪਾਟਾ
ਸਨਅਤ ਦਾ ਧੁਰਾ ਦੱਸਦੇ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਕੋਸ਼ਿਸ਼ ਸ਼ਹਿਰ ਵਿਚ ਸੈਰ-ਸਪਾਟਾ ਸਨਅਤ ਨੂੰ ਬਹੁੱਤ ਵੱਡਾ ਹੁਲਾਰਾ ਦੇ ਸਕਦੀ ਹੈ।ਬਹੁਮੰਤਵੀ ਹੁਨਰ ਵਿਕਾਸ ਕੇਂਦਰ ਵਿਚ ਟੈਕਸੀ ਡਰਾਈਵਰਾਂ ਦੇ ਸ਼ਖਸੀ ਵਿਕਾਸ ਲਈ ਸ਼ੁਰੂ ਕੀਤੀ 10 ਰੋਜ਼ਾ ਵਰਕਸ਼ਾਪ ਦਾ ਉਦਘਾਟਨ ਕਰਦੇ ਸੰਘਾ ਨੇ ਕਿਹਾ ਕਿ ਸ਼ਹਿਰ ਆਉਣ ਵਾਲਾ ਕੋਈ ਵੀ ਯਾਤਰੀ ਸਭ ਤੋਂ ਪਹਿਲਾਂ ਟੈਕਸੀ ਡਰਾਈਵਰ ਦੇ ਸੰਪਰਕ ਵਿਚ ਵਿਚ ਆਉਂਦਾ ਹੈ ਅਤੇ ਇਥੋਂ ਬਣੀ ਛਾਪ ਉਸਦੇ ਮਨ ’ਤੇ ਕਈ ਸਾਲਾਂ ਤੱਕ ਪ੍ਰਭਾਵ ਪਾਉਂਦੀ ਹੈ।ਉਨਾਂ ਕਿਹਾ ਕਿ ਪੰਜਾਬੀਆਂ ਦੀ ਪਹਿਚਾਣ ਬਹਾਦਰੀ ਤੇ ਇਮਾਨਦਾਰੀ ਕਰਕੇ ਸਾਰੇ ਵਿਸ਼ਵ ਵਿਚ ਅਜੇ ਵੀ ਕਾਇਮ ਹੈ ਅਤੇ ਜੇਕਰ ਟੈਕਸੀ ਡਰਾਈਵਰ ਇਸ ਸੋਚ ’ਤੇ ਪਹਿਰਾ ਦੇਣ ਤਾਂ ਇਹ ਪੰਜਾਬੀਅਤ ਦੀ ਪਹਿਚਾਣ ਬਣਾਈ ਰੱਖਣ ਵਿਚ ਵੱਡਾ ਯੋਗਦਾਨ ਹੋਵੇਗਾ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਚੰਗੇ ਵਤੀਰੇ ਨਾਲ ਕੀਤੀ ਗਈ ਮਹਿਮਾਨ ਨਿਵਾਜ਼ੀ ਸ਼ਹਿਰ ਦੀ ਸ਼ਾਖ ਬਨਾਉਣ ਵਿਚ ਵੱਡਾ ਅਸਰ ਪਾਵੇਗੀ ਅਤੇ ਸੈਲਾਨੀ ਲੋਕ ਆਪਣੇ ਰਾਜ ਜਾਂ ਦੇਸ਼ ਜਾ ਕੇ ਵੀ ਸ਼ਹਿਰ ਦੀ ਸਿਫਤ ਕਰਨਗੇ।
ਉਨਾਂ ਕਿਹਾ ਕਿ ਇਹ ਦਸ ਰੋਜ਼ਾ ਵਰਕਸ਼ਾਪ ਵਿਚ ਹਰੇਕ ਬੈਚ ਦੀ ਤਿੰਨ ਘੰਟੇ ਦੀ ਕਲਾਸ ਵਿਚ ਅਸੀਂ ਤਹਾਨੂੰ ਅੰਗਰੇਜੀ ਦੇ ਮਾਹਿਰ ਨਹੀਂ ਬਨਾਉਣਾ ਚਾਹੁੰਦੇ, ਪਰ ਵਿਦੇਸ਼ੀ ਸੈਲਾਨੀਆਂ ਨਾਲ ਬੋਲੇ ਜਾਣ ਵਾਲੇ ਕੁੱਝ ਜ਼ਰੂਰੀ ਸ਼ਬਦ ਦੱਸਣ ਦੀ ਕੋਸ਼ਿਸ ਕਰਾਂਗੇ।ਇਸ ਤੋਂ ਇਲਾਵਾ ਵਰਕਸ਼ਾਪ ਵਿਚ ਨਿਮਰਤਾ, ਮਹਿਮਾਨ ਨਿਵਾਜ਼ੀ, ਆਦਰ ਦੇਣ ਦੀ ਕਲਾ, ਇਮਾਨਦਾਰਨਾ ਪਹੁੰਚ, ਮੁਸਕਾਰਹਟ ਨਾਲ ਸੇਵਾ, ਮਦਦ ਵਾਲਾ ਵਿਵਹਾਰ, ਪੰਜਾਬੀਅਤ ਦੇ ਮੌਲਿਕ ਗੁਣ, ਸਲੀਕਾ, ਅਨੁਸਾਸ਼ਨ, ਮੁੱਢਲੀ ਸਹਾਇਤਾ ਆਦਿ ਵਿਸ਼ਿਆਂ ’ਤੇ ਜ਼ਰੂਰੀ ਗੱਲਾਂ ਸਿਖਾਉਣ ਦੀ ਕੋਸ਼ਿਸ ਕੀਤੀ ਜਾਵੇਗੀ, ਜੋ ਕਿ ਭਵਿੱਖ ਵਿਚ ਤੁਹਾਡੇ ਤਾਂ ਕੰਮ ਆਵੇਗੀ ਹੀ, ਨਾਲ ਸ਼ਹਿਰ ਦੀ ਸਨਅਤ ਨੂੰ ਹੁਲਾਰਾ ਦੇਵੇਗੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਕੰਮ ਤੁਹਾਡੇ ਗੁਣਾਂ ਨੂੰ ਤਰਾਸਣਾ ਹੈ ਅਤੇ ਸਾਡੀ ਕੋਸ਼ਿਸ ਹੋਵੇਗੀ ਕਿ ਤੁਸੀਂ ਇਥੋਂ ਸਿੱਖੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਪੇਸ਼ੇ ਵਿਚ ਲਾਗੂ ਕਰ ਸਕੋ।ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਇਹ ਵਰਕਸ਼ਾਪ ਸੰਘਾ ਦਾ ਚਿਰੋਕਣਾ ਸੁਪਨਾ ਸੀ ਅਤੇ ਅੱਜ ਇਸ ਨੂੰ ਪੂਰਾ ਕਰਕੇ ਪ੍ਰਸ਼ਾਸਨ ਸੈਲਾਨੀਆਂ ਨੂੰ ਇਕ ਵੱਡਾ ਤੋਹਫਾ ਦੇਵੇਗਾ।ਉਨਾਂ ਆਸ ਪ੍ਰਗਟਾਈ ਕਿ ਡਰਾਈਵਰ ਇਥੋਂ ਚੰਗੇ ਗੁਰ ਸਿੱਖ ਕੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸੁਪਰਡੈਂਟ ਏ.ਪੀ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media