ਵਿੱਦਿਆ ਦੇ ਨਾਲ ਸਪੈਸ਼ਲ ਕੋਰਸ ਅਤੇ ਹੱਥੀਂ ਦਸਤਕਾਰੀ ’ਤੇ ਛੀਨਾ ਨੇ ਦਿੱਤਾ ਜ਼ੋਰ
ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਸੁਖਬੀਰਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਕਾਲਜ ’ਚ 2
ਰੋਜ਼ਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ, ਜਦ ਕਿ ਡਾ. ਰਮਿੰਦਰ ਕੌਰ ਮੁੱਖੀ ਪੰਜਾਬੀ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਪ੍ਰਦਰਸ਼ਨੀ ਦਾ ਮਕਸਦ ਵਿਦਿਆਰਥੀਆਂ ’ਚ ਛੁਪੇ ਹੁਨਰ ਨੂੰ ਨਿਖਾਰਣ ਅਤੇ ਡਿਜ਼ਾਈਨਿੰਗ ਸਬੰਧੀ ਗੁਣਾਂ ਬਾਰੇ ਜਾਣੂ ਕਰਵਾਉਣਾ ਸੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ਆਯੋਜਿਤ ਇਸ ਪ੍ਰੋਗਰਾਮ ਮੌਕੇ ਛੀਨਾ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਆਈਟਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਸਪੈਸ਼ਲ ਕੋਰਸ ਤੋਂ ਇਲਾਵਾ ਹੱਥੀ ਦਸਤਕਾਰੀ ਜਰੂਰ ਸਿੱਖਣੀ ਚਾਹੀਦੀ ਹੈ, ਕਿਉਂਕਿ ਮੁਕਾਬਲੇਬਾਜ਼ੀ ਦੇ ਇਸ ਯੁੱਗ ’ਚ ਗ੍ਰਹਿਸਥੀ ਨੂੰ ਚਲਾਉਣ ਲਈ ਸਿਖਲਾਈ ਹਾਸਲ ਹੁਨਰ ਹੀ ਮਦਦਗਾਰ ਸਾਬਿਤ ਹੁੰਦਾ ਹੈ। ਉਨ੍ਹਾਂ ਇਸ ਮੌਕੇ ਵਿਭਾਗ ਦੀ ਸ਼ਲਾਘਾ ਕਰਦਿਆਂ ਮੁੱਖੀ ਮੈਡਮ ਜਸਮੀਤ ਕੌਰ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨੀ ਦੇ ਆਯੋਜਨ ਕਰਨ ’ਤੇ ਵਧਾਈ ਦਿੱਤੀ।
ਇਸ 2 ਰੋਜ਼ਾ ਪ੍ਰਦਰਸ਼ਨੀ ’ਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਬੱਚਿਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨੀ ’ਚ ਟੈੱਕਸਟਾਈਲ ਡਿਜ਼ਾਈਨਿੰਗ, ਹੋਮ ਡੈਕੋਰੇਸ਼ਨ, ਫੈਬਰਿੱਕ ਪ੍ਰਿਟਿੰਗ, ਨਿੱਟਿੰਗ, ਆਰਟ ਐਂਡ ਕਰਾਫ਼ਟ, ਸਮੌਕਿੰਗ, ਨੀੜਲ ਕਰਾਫ਼ਟ, ਹੈਨਡ ਪੇਂਟ, ਕੁਇੱਲਟਿੰਗ ਆਦਿ ਦੇ ਆਰਟੀਕਲ ਪੇਸ਼ ਕੀਤੇ ਗਏੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗੋਲੀ ਵੀ ਸਜਾਈ ਗਈ ਅਤੇ ਮਹਿੰਦੀ ਵੀ ਲਗਾਈ ਗਈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਆਨਰੇਰੀ ਸਕੱਤਰ ਸ. ਛੀਨਾ ਦਾ ਵਿਭਾਗ ਨੂੰ 2015 ’ਚ ਸਥਾਪਿਤ ਕਰਨ ਲਈ ਉਨ੍ਹਾਂ ਵੱਲੋਂ ਦਿੱਤੇ ਯੋਗਦਾਨ ਤੇ ਪ੍ਰੇਰਨਾ ਲਈ ਧੰਨਵਾਦ ਕੀਤਾ ਅਤੇ ਮੈਡਮ ਜਸਮੀਤ ਕੌਰ ਨੂੰ ਅਧਿਆਪਕਾਂ ਦੇ ਸਹਿਯੋਗ, ਮਿਹਨਤ ਤੇ ਲਗਨ ਨਾਲ ਵਿਭਾਗ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਮੁਬਾਰਕਬਾਦ ਦਿੱਤੀ।ਇਸ ਉਪਰੰਤ
ਮੈਡਮ ਜਸਮੀਤ ਕੌਰ ਨੇ ਆਏ ਮਹਿਮਾਨਾਂ ਦਾ ਵਿਭਾਗ ਦੀ ਸਫ਼ਲਤਾ ਤੇ ਪ੍ਰਦਰਸ਼ਨੀ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਮੈਡਮ ਸੁਖਮੀਨ ਬੇਦੀ ਡੀਨ ਵਿੱਦਿਅਕ ਮਾਮਲੇ, ਦਵਿੰਦਰ ਸਿੰਘ ਰਜਿਸਟਰਾਰ, ਮੈਡਮ ਨਵਨੀਨ ਬਾਵਾ ਓ.ਐਸ.ਡੀ, ਐਮ.ਐਸ. ਬੱਤਰਾ ਡੀਨ ਸਾਇੰਸਸਿਜ਼, ਤਮਿੰਦਰ ਸਿੰਘ ਭਾਟੀਆ ਡਿਪਟੀ ਕੰਟਰੋਲਰ ਪ੍ਰੀਖਿਆਵਾਂ, ਜੋਗਿੰਦਰ ਸਿੰਘ ਅਰੋੜਾ ਮੁੱਖੀ ਵਿਭਾਗ ਕਾਮਰਸ, ਮੈਡਮ ਜਸਜੀਤ ਕੌਰ ਰੰਧਾਵਾ ਮੁੱਖੀ ਵਿਭਾਗ ਜੂਆਲੋਜੀ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media