ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਆਈ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਨਾਇਆ ਗਿਆ।
ਭਾਈ ਗੁਰਲਾਲ ਸਿੰਘ ਮੁੱਖ ਗ੍ਰੰਥੀ ਨੇ ਕਥਾ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਖਿਆਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਲਖਵਿੰਦਰ ਸਿੰਘ ਬੇਦੀ ਜਲੰਧਰ ਤੇ ਭਾਈ ਨਿਰਵੈਰ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਆਈ ਦਾ ਸਮਾਂ ਇਤਿਹਾਸ ਵਿੱਚ ਬੜਾ ਅਨੋਖਾ, ਨਵੇਕਲਾ ਤੇ ਚੁਣੌਤੀਆਂ ਭਰਪੂਰ ਸੀ।ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ‘ਚ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਹੋਇਆ, ਅਕਾਲ ਤਖਤ ਸਾਹਿਬ ਦੀ ਸਿਰਜਨਾ ਹੋਈ।ਕਲਗੀ ਸਜਾਉਣੀ, ਘੋੜੇ ਤੇ ਸ਼ਸਤਰ ਬਸਤਰ ਰੱਖਣੇ ਨਵੇਂ ਇਨਕਲਾਬ ਦੀ ਸਥਾਪਨਾ ਸੀ।ਉਨ੍ਹਾ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਜਥੇਬੰਦਕ ਸਰੂਪ ਪ੍ਰਦਾਨ ਕੀਤਾ।ਗੁਰੂ ਸਾਹਿਬ ਨੂੰ ਮਾਨਵਤਾ ਦੀ ਧਾਰਮਿਕ, ਸਮਾਜਿਕ ਸੁਤੰਤਰਤਾ, ਬਰਾਬਰੀ, ਸਵੈਮਾਨ ਨੂੰ ਬਹਾਲ ਕਰਨ ਰੱਖਣ ਲਈ ਚਾਰ ਯੁੱਧ ਲੜਨੇ ਪਏ।ਹਮਲਾਵਰਾਂ-ਜਾਬਰਾਂ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਮੈਦਾਨ ‘ਚ ਨਿਤਰੇ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਪਰਉਪਕਾਰੀ ਬਡ ਯੋਧੇ ਸਨ, ਚੰਗੇ ਸੰਤ ਸਿਪਾਹੀ ਤੇ ਦੂਰਦਰਸ਼ੀ ਆਗੂ ਸਨ।ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਜੀਵਨ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ। ਬੇਦੀ ਨੇ ਹੋਰ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲ ਮਨਾਉਣ ਲਈ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖ ਗਤੀਸ਼ੀਲ ਹਨ ਅਤੇ ਨਵੰਬਰ ਦੇ ਮਹੀਨੇ ਸੁਲਤਾਨਪੁਰ ਲੋਧੀ ਵਿਖੇ ਸਾਰੀ ਸੰਗਤ ਨੂੰ ਹੁੰਮ ਹਮਾ ਕੇ ਇਨ੍ਹਾਂ ਸਮਾਗਮਾਂ ‘ਚ ਹਾਜ਼ਰੀ ਭਰਨ ਲਈ ਕਿਹਾ।
ਇਸ ਗੁਰਮਤਿ ਸਮਾਗਮ ਵਿੱਚ ਬੁਰਜ਼ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਦੇ ਮਹੰਤ ਬਾਬਾ ਭਗਤ ਸਿੰਘ, ਬਾਬਾ ਦਲਜੀਤ ਸਿੰਘ ਦੁੱਲਾ ਬਠਿੰਡਾ, ਗੁਰਦੇਵ ਸਿੰਘ ਛੇਹਰਟਾ, ਅਮਨਪ੍ਰੀਤ ਸਿੰਘ, ਭਾਈ ਮਿੰਟੂ ਸਿੰਘ, ਭਾਈ ਮੰਗਲ ਸਿੰਘ, ਕਥਾਵਾਚਕ ਗਿਆਨੀ ਗੁਰਦੀਪ ਸਿੰਘ ਮੱਲਣ, ਹਰੀ ਸਿੰਘ, ਭਾਈ ਦਿਲਬਾਗ ਸਿੰਘ ਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …