ਪ੍ਰਧਾਨ ਮੰਤਰੀ ਦੇ ਸੱਦੇ `ਤੇ ਤਾਲਮੇਲ ਵਾਲੀ ਕਾਰਵਾਈ ਆਰੰਭ
ਨਵੀਂ ਦਿੱਲੀ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਲ ਸ਼ਕਤੀ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ। ਇਹ ਮੁਹਿੰਮ ਪਾਣੀ ਦੀ ਸੰਭਾਲ ਅਤੇ ਸੁਰੱਖਿਆ ਲਈ ਹੈ, ਜੋ ਸ਼ਹਿਰੀਆਂ ਦੀ ਮਾਨਸੂਨ ਦੇ ਮੌਸਮ ਵਿੱਚ ਸ਼ਮੂਲੀਅਤ ਨਾਲ 1 ਜੁਲਾਈ 2019 ਤੋਂ 15 ਸਤੰਬਰ 2019 ਚੱਲੇਗੀ।ਇਸ ਦਾ ਦੂਜਾ ਪੜਾਅ 1 ਅਕਤੂਬਰ 2019 ਤੋਂ 30 ਨਵੰਬਰ 2019 ਤੱਕ ਉਨ੍ਹਾਂ ਰਾਜਾਂ ਲਈ ਚੱਲੇਗਾ ਜਿਥੇ ਕਿ ਉੱਤਰ ਪੂਰਬ ਮਾਨਸੂਨ ਉਸ ਵੇਲੇ ਵਾਪਸ ਲੰਘਦੀ ਹੈ। ਇਸ ਮੁਹਿੰਮ ਵਿੱਚ ਪਾਣੀ ਦੀ ਕਮੀ ਵਾਲੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਵਧੇਰੇ ਧਿਆਨ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ `ਮਨ ਕੀ ਬਾਤ` ਵਿੱਚ ਸ਼ਹਿਰੀਆਂ ਨੂੰ ਪਾਣੀ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦੇਣ ਅਤੇ ਸਵੱਛ ਭਾਰਤ ਮਿਸ਼ਨ ਦੀ ਤਰਜ਼ `ਤੇ ਇਸ ਸਬੰਧ ਵਿੱਚ ਜਨ-ਅੰਦੋਲਨ ਚਲਾਉਣ ਦਾ ਸੱਦਾ ਦਿੱਤਾ ਸੀ ਤਾਂ ਕਿ ਪਾਣੀ ਦੀ ਬੱਚਤ ਹੋ ਸਕੇ ਅਤੇ ਭਵਿੱਖ ਦਾ ਬਚਾਅ ਹੋ ਸਕੇ। ਪ੍ਰਧਾਨ ਮੰਤਰੀ ਨੇ ਆਮ ਸ਼ਹਿਰੀਆਂ, ਉਘੀਆਂ ਹਸਤੀਆਂ ਅਤੇ ਐਨ.ਜੀ.ਓਜ਼ ਤੋਂ ਇਸ ਸਬੰਧ ਵਿਚ ਵਿਚਾਰ, ਰਵਾਇਤੀ ਗਿਆਨ, ਕੀਤੀਆਂ ਗਈਆਂ ਪਹਿਲਕਦਮੀਆਂ, ਸਫਲਤਾ ਦੀਆਂ ਕਹਾਣੀਆਂ ਅਤੇ ਪਾਣੀ ਦੀ ਸੰਭਾਲ `ਤੇ ਬਣੀਆਂ ਫਿਲਮਾਂ ਬਾਰੇ ਜਾਣਕਾਰੀ ਮੰਗੀ।
ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪਹਿਲ ਦੇ ਆਧਾਰ `ਤੇ ਅਤੇ ਟਿਕਾਊ ਢੰਗ ਨਾਲ ਹਰ ਘਰ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ।ਮੰਤਰੀ ਨੇ ਕਿਹਾ ਕਿ ਜਲ ਸ਼ਕਤੀ ਅਭਿਯਾਨ ਨਾਲ ਪਾਣੀ ਦੀ ਸੰਭਾਲ ਬਾਰੇ ਲੋਕਾਂ ਦੇ ਰਵਈਏ ਵਿੱਚ ਹਾਂ-ਪੱਖੀ ਤਬਦੀਲੀ ਆਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਵਲੋਂ ਹਾਲ ਹੀ ਵਿੱਚ 2.3 ਲੱਖ ਸਰਪੰਚਾਂ ਨੂੰ ਲਿਖੀ ਚਿੱਠੀ ਦੇ ਪ੍ਰਭਾਵ ਬਾਰੇ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਮੀਂਹ ਦੇ ਪਾਣੀ ਨਾਲ ਸਿੰਜ਼ਾਈ, ਤਲਾਬਾਂ ਦੀ ਸਾਂਭ ਸੰਭਾਲ ਅਤੇ ਪਾਣੀ ਦੀ ਸੰਭਾਲ ਲਈ ਕੰਮ ਕਰਨ ਵਿੱਚ ਮਦਦ ਮਿਲੇਗੀ। ਕੇਂਦਰੀ ਮੰਤਰੀ ਨੇ ਮੀਡੀਆ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਯਤਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਵੇ।
ਮੰਤਰੀ ਨੇ ਜਨਤਕ ਸੇਵਾ ਬਾਰੇ ਇਕ ਵੀਡੀਓ ਐਲਾਨ ਜਾਰੀ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਦਾ ਜਨਤਾ ਦੇ ਨਾਂ ਇਹ ਸੰਦੇਸ਼ ਪ੍ਰਸਾਰਤ ਕੀਤਾ ਗਿਆ ਹੈ ਕਿ ਪਾਣੀ ਦੀ ਸੰਭਾਲ ਦੇ ਯਤਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ।
ਪੀਣ ਵਾਲੇ ਪਾਣੀ ਅਤੇ ਸਫਾਈ ਦੇ ਵਿਭਾਗ ਦੇ ਸਕੱਤਰ ਪ੍ਰਮੇਸ਼ਵਰ ਆਇਰ ਨੇ ਸੂਚਿਤ ਕੀਤਾ ਕਿ ਜਲ ਸ਼ਕਤੀ ਮੁਹਿੰਮ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀ ਇਕ ਸਾਂਝੀ ਮੁਹਿੰਮ ਹੈ ਜੋ ਕਿ ਡੀ.ਡੀ.ਡਬਲਿਊ.ਐਸ ਵਲੋਂ ਚਲਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਫਸਰਾਂ ਦੀ ਇਕ ਟੀਮ 256 ਜ਼ਿਲ੍ਹਿਆਂ ਦੇ 1592 ਪਾਣੀ ਦੀ ਕਮੀ ਵਾਲੇ ਬਲਾਕਾਂ ਵਿੱਚ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਕਿ 5 ਅਹਿਮ ਪਾਣੀ ਸੰਭਾਲ ਦਖਲਅੰਦਾਜ਼ੀਆਂ ਯਕੀਨੀ ਬਣਾਈਆਂ ਜਾ ਸਕਣ।ਇਨ੍ਹਾਂ ਵਿੱਚ ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਨਾਲ ਸਿੰਜਾਈ, ਰਵਾਇਤੀ ਅਤੇ ਹੋਰ ਪਾਣੀ ਟੈਂਕਾਂ ਦੀ ਮੁੜ ਉਸਾਰੀ, ਮੁੜ ਵਰਤੋਂ ਵਗੈਰਾ ਸ਼ਾਮਿਲ ਹਨ।ਪਾਣੀ ਦੀ ਸੰਭਾਲ ਦੇ ਇਨ੍ਹਾਂ ਯਤਨਾਂ ਨਾਲ ਵਿਸ਼ੇਸ਼ ਦਖਲਅੰਦਾਜ਼ੀਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਅਤੇ ਬਲਾਕ ਪਾਣੀ ਸੰਭਾਲ ਯੋਜਨਾਵਾਂ, ਸਿੰਜਾਈ ਬਾਰੇ ਪਾਣੀ ਦੀ ਨਿਪੁੰਨ ਵਰਤੋਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਫਸਲਾਂ ਦੀ ਵਧੀਆ ਚੋਣ ਲਈ ਪਾਣੀ ਦੀ ਨਿਪੁੰਨ ਵਰਤੋਂ ਨੂੰ ਉਤਸ਼ਾਹਤ ਕਰਨਾ ਸ਼ਾਮਿਲ ਹੈ।
ਜੇ.ਐਸ.ਏ ਦੇ ਨਾਲ ਨਾਲ ਇਕ ਵੱਡੇ ਪੱਧਰ ਦੀ ਸੰਚਾਰ ਮੁਹਿੰਮ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚ ਵੱਖ-ਵੱਖ ਗਰੁੱਪਾਂ ਜਿਵੇਂ ਕਿ ਸਕੂਲੀ ਵਿਦਿਆਰਥੀਆਂ, ਕਾਲਜ ਵਿਦਿਆਰਥੀਆਂ, ਸਵੱਛਾਗ੍ਰਹੀਆਂ, ਸਵੈ ਸਹਾਇਤਾ ਗਰੁੱਪਾਂ, ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ, ਯੁਵਾ ਗਰੱਪਾਂ (ਐਨ.ਐਸ.ਐਸ /ਐਨ.ਵਾਈ.ਕੇ.ਐਸ /ਐਨ.ਸੀ.ਸੀ), ਰੱਖਿਆ ਮੁਲਾਜ਼ਮਾਂ, ਸਾਬਕਾ ਫੌਜੀਆਂ ਅਤੇ ਪੈਨਸ਼ਨਰਾਂ ਵਗੈਰਾ ਨੂੰ ਸ਼ਾਮਿਲ ਕੀਤਾ ਜਾਵੇਗਾ।
Punjab Post Daily Online Newspaper & Print Media