ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ
ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ।
ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ
ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।
ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ
ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ।
ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ
ਲਾਲੋ ਨੂੰ ਉਸ ਗਲ਼ ਨਾਲ਼ ਲਾਇਆ, ਭਾਗੋ ਵਰਗੇ ਜਾਗੇ।
ਮੰਗਿਆ ਸਰਬਤ ਦਾ ਭਲਾ, ਤੇ ਸਭ ਨੂੰ ਸੀ ਇੱਕ ਕੀਤਾ
ਨਾਰੀ ਨੂੰ ਉਚ ਰੁਤਬਾ ਦਿੱਤਾ, ਪਾਟਿਆਂ ਨੂੰ ਉਸ ਸੀਤਾ।
ਬਾਬਰ ਨੂੰ ਉਸ ਜਾਬਰ ਕਹਿ ਕੇ, ਫਿਟ ਲਾਹਨਤ ਸੀ ਪਾਈ
ਗੁਰੂ ਬਾਬੇ ਦੇ ਕੌਤਕ ਅੱਜ ਤੱਕ, ਗਾਵੇ ਸੁਣੇ ਲੋਕਾਈ।
ਹਿੰਦੂ-ਮੁਸਲਿਮ, ਦੱਬੇ-ਕੁਚਲੇ, ਉਸ ਲਈ ਸਨ ਇਕ ਜੈਸੇ
ਕੁੱਲ ਦੁਨੀਆਂ ਲਈ ਅਜ਼ਬ ਬਾਤ ਹੈ, ਕੀਤੇ ਕੰਮ ਨੇ ਕੈਸੇ।
ਨਾਥਾਂ, ਪੀਰਾਂ, ਜੋਗੀਆਂ ਨੇ ਜਦ, ਸੁਣੀ ਗੁਰੂ ਦੀ ਬਾਣੀ
ਮਿਟ ਗਈ ਹਉਮੈ ਸੀਸ ਝੁਕਾਇਆ, ਬਣ ਗਏ ਉਹਦੇ ਹਾਣੀ।
ਲਹਿਣੇ ਨੂੰ ਗੁਰੂ ਅੰਗਦ ਬਣਾ ਕੇ, ਸੌਂਪ ਦਿੱਤੀ ਗੁਰਿਆਈ
ਪੁੱਤਰਾਂ ਨੂੰ ਇੱਕ ਪਾਸੇ ਕੀਤਾ, ਰੀਤੀ ਨਵੀਂ ਚਲਾਈ।
ਗੁਰੂ ਬਾਬੇ ਦਾ ਜਸ ਤੇ ਬਾਣੀ, ਸੁਣੀ ਬੇਟੀ ਜਦ `ਰੂਹੀ `
ਨਿੱਤ ਸਵੇਰੇ `ਜਪੁਜੀ ` ਪੜ੍ਹਦੀ, ਕਰਦੀ ਤੂੰ ਹੀ ਤੂੰ ਹੀ।
ਆਓ ਸਾਰੇ ਰਲ਼ ਕੇ ਆਪਾਂ, ਬਾਣੀ ਗੁਰੂ ਦੀ ਗਾਈਏ
ਚੜ੍ਹਦੀ ਕਲਾ `ਚ ਰਹੀਏ ਨਾਲ਼ੇ, ਸਭ ਦੀ ਖੈਰ ਮਨਾਈਏ।
ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ (ਬਠਿੰਡਾ)
ਮੋ – 94176 92015