Tuesday, July 15, 2025
Breaking News

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

         Baba Deep Singh Ji ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੁਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ 1682 ਈ: ਨੂੰ ਹੋਇਆ।ਬਾਬਾ ਜੀ ਦੇ ਪਿਤਾ ਦਾ ਨਾਮ ਭਗਤਾ ਜੀ ਸੀ ਅਤੇ ਮਾਤਾ ਦਾ ਨਾਮ ਜਿਉਣੀ ਸੀ। ਆਪ ਜੀ ਨੂੰ ਛੋਟੀ ਉਮਰ ਵਿਚ ਹੀ ਗੁਰਬਾਣੀ ਪੜ੍ਹਨ, ਕੀਰਤਨ ਕਰਨ, ਅਤੇ ਸਵੇਰੇ ਸ਼ਾਮ ਸਤਿਸੰਗ ਕਰਨ ਦਾ ਬੜਾ ਸ਼ੌਕ ਸੀ।ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ, ਸ਼ਸਤਰ ਵਿਦਿਆ, ਨੇਜ਼ਾਬਾਜੀ ਦਾ ਅਭਿਆਸ ਕਰਿਆ ਕਰਦੇ ਸਨ।ਮੁਕਤਸਰ ਦੀ ਜੰਗ ਉਪਰੰਤ 1704 ’ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ।ਉਥੇ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਉਣ ਲਈ ਧੀਰ ਮੱਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣੇ ਨਾਂਹ ਹੋਣ ਕਾਰਣ ਗੁਰਬਾਣੀ ਲਿਖਵਾਉਣੀ ਆਰੰਭ ਕੀਤੀ।ਗੁਰੂ ਸਾਹਿਬ ਜੀ ਨਿਤਾਪ੍ਰਤੀ ਤੰਬੂ ਵਿਚ ਬੈਠ ਕੇ ਗੁਰਬਾਣੀ ਉਚਾਰਦੇ, ਭਾਈ ਮਨੀ ਸਿੰਘ ਜੀ ਗੁਰਬਾਣੀ ਲਿਖਦੇ, ਬਾਬਾ ਦੀਪ ਸਿੰਘ ਜੀ ਸ਼ਹੀਦ ਲਿਖਣ ਦਾ ਸਾਮਾਨ ਕਲਮਾਂ, ਸਿਆਹੀ ਅਤੇ ਕਾਗ਼ਜ਼ ਦਾ ਪ੍ਰਬੰਧ ਕਰਿਆ ਕਰਦੇੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹ ਕੇ ਦਸਮੇਸ਼ ਪਿਤਾ ਜੀ ਜਦੋਂ ਸ੍ਰੀ ਹਜ਼ੂਰ ਸਾਹਿਬ ਗਏ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਸਨ।
          ਜਦ ਬੰਦਈ ਖਾਲਸਾ ਅਤੇ ਤਤ ਖਾਲਸੇ ਦਾ ਝਗੜਾ ਹੋਇਆ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੀ ਗੁਰੂ ਅਗੇ ਅਰਦਾਸ ਕਰ ਅੰਮ੍ਰਿਤ ਸਰੋਵਰ ’ਚ ਪਰਚੀਆਂ ਪਾ ਕੇ ਝਗੜਾ ਨਿਬੇੜਿਆ।ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਉਪਰੰਤ ਪੰਥ ਦੀ ਜ਼ਿੰਮੇਵਾਰੀ ਬਾਬਾ ਜੀ ਨੇ ਸੰਭਾਲੀ।
            1716 ਬਾਬਾ ਬੰਦਾ ਸਿੰਘ ਬਹਾਦਰ ਤੋਂ ਵੱਖ ਹੋਣ ’ਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਮੁੜ ਆਣ ਡੇਰਾ ਲਾਇਆ।ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਅਤੇ ਇਹ ਸਰੂਪ ਤਖਤ ਸਾਹਿਬਾਨਾਂ ’ਤੇ ਸੁਸ਼ੋਭਿਤ ਕਰਵਾਏ।ਆਪ ਜੀ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ ਸੋ ਆਪ ਜੀ ਨੇ ਅਰਬੀ ਭਾਸ਼ਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਾ ਕਰ ਕੇ ਅਰਬ ਦੇਸ਼ ’ਚ ਭਿਜਵਾਇਆ।
              ਦੀਵਾਨ ਦਰਬਾਰਾ ਸਿੰਘ ਜੀ ਦੇ ਸਚਖੰਡ ਪਿਆਨੇ ਤੋਂ ਬਾਅਦ ਸਮੇਂ ਦੀ ਲੋੜ ਮੁਤਾਬਿਕ ਤਰਨਾ ਦਲ ਅਤੇ ਬੁਢਾ ਦਲ ਦੇ ਰੂਪ ’ਚ ਜਥੇ ਬਣਾਏ ਗਏ।ਤਰਨਾ ਦਲ ਪੰਚ ਹਿੱਸਿਆਂ ’ਚ ਵੰਡਿਆ ਗਿਆ।ਮੱਸੇ ਰੰਗੜ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਬਾਬਾ ਜੀ ਦੇ ਜਥੇ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਹੀ ਮੱਸੇ ਦਾ ਸਿਰ ਵੱਢ ਕੇ ਬਾਬਾ ਜੀ ਅਗੇ ਲਿਆ ਪੇਸ਼ ਕੀਤਾ।
            18ਵੀਂ ਸਦੀ ਦੌਰਾਨ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਨੂੰ ਖੂਬ ਲੁੱਟਿਆ ਤੇ ਇਥੋਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਿਆ।ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕੀਤਾ।ਜਿਸ ਨਾਲ ਭਾਰਤ ਦਾ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਸ ਦਿਵਾਇਆ ਜਾਂਦਾ ਰਿਹਾ।ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ‘ੁਤੇ ਤੁਲਿਆ ਹੋਇਆ ਸੀ, ਆਪਣੇ 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ, ਉਹ ਕੁੱਝ ਦੇਰ ਲਈ ਲਾਹੌਰ ਠਹਿਰਿਆ।ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ।ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ‘ਤੇ ਪੁੱਜੀ ਤਾਂ ਆਪ ਦੇ ਦਿਲ ‘ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕਰ ਲਿਆ।ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ।ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਨੇ ਅਰਦਾਸ ਕੀਤੀ।ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ।ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।ਅਫ਼ਗ਼ਾਨ ਸਿੰਘਾਂ ਦਾ ਟਾਕਰਾ ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ।ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ।ਗੋਹਲਵੜ ਵਿਚ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ।ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉਤੇ ਹਮਲਾ ਕਰਨ ਦੇ ਆਦੇਸ਼ ਦਿੱਤੇ।ਜਹਾਨ ਖਾਨ ਆਪ ਘੋੜ ਸਵਾਰ ਫ਼ੌਜ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਹਲਵੜ ਦੇ ਸਥਾਨ ‘ਤੇ ਪਹੁੰਚ ਗਿਆ, ਜਿਥੇ ਸਿੰਘਾਂ ਤੇ ਅਫ਼ਗ਼ਾਨਾਂ ਦੀ ਟੱਕਰ ਹੋਈ।ਅਫ਼ਗ਼ਾਨ ਸਿੰਘਾਂ ਦਾ ਟਾਕਰਾ ਨਾ ਕਰ ਸਕੇ।ਸਿੰਘਾਂ ਦੇ ਅੱਗੇ ਲੱਗ ਕੇ ਮੈਦਾਨੋ ਭੱਜ ਨਿਕਲੇ।ਇਤਨੇ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ।ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ।ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ।ਅਫ਼ਗ਼ਾਨ ਦੁਸ਼ਮਣ ਦਾ ਕਮਾਂਡਰ ਜਹਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ ‘ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ।ਇਸ ਸਾਂਝੇ ਵਾਰ ਵਿਚ ਦੋਹਾਂ ਦੇ ਸੀਸ ਲੱਥ ਗਏ।ਸੂਰਬੀਰ ਯੋਧੇ ਬਾਬਾ ਜੀ ਆਪਣਾ ਪਾਵਨ ਸ਼ੀਸ਼ ਖੱਬੇ ਹੱਥ ‘ਤੇ ਧਰ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਹੋਏ ਲੜਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਤੱਕ ਜਾ ਪਹੁੰਚੇ ਤੇ ਸ਼ਹੀਦੀ ਪ੍ਰਾਪਤ ਕਰ ਗਏ।ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।
                ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਚੌਕ ਚਾਟੀਵਿੰਡ ਨੇੜੇ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ‘ ਸੁਸ਼ੋਭਿਤ ਹੈ।ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰੀਕਰਮਾ ਵਿੱਚ ਜਿਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।ਬਾਬਾ ਦੀਪ ਸਿੰਘ ਜੀ ਦਾ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

(27 ਜਨਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼)

Sarchand Singh

 

 

ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply