ਵਿਛੜੀਆਂ ਸਾਹਿਤਕ ਸਖ਼ਸ਼ੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਸਮਰਾਲਾ, 6 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਉਰਦੂ ਅਫ਼ਸਾਨਾ ਨਿਗਾਰ ਸਹਾਦਤ ਹਸਨ ਮੰਟੋ ਨੂੰ ਸਮਰਪਿਤ ਕੀਤੀ ਗਈ।ਜੋ ਕਿ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ. ਸੈਕੰ. ਸਕੂਲ ਸਮਰਾਲਾ ਵਿਖੇ ਹੋਈ।ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਦੂਰੋਂ ਨੇੜਿਓਂ ਪਹੁੰਚੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ‘ਜੀ ਆਇਆਂ’ ਆਖਿਆ ਗਿਆ ਅਤੇ ਪਿਛਲੇ ਦਿਨੀਂ ਵਿਛੋੜਾ ਦੇ ਗਈਆਂ ਸਾਹਿਤਕ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀਆਂ ਯਾਦਾਂ ਹਾਜ਼ਰੀਨ ਨਾਲ ਸਾਝੀਆਂ ਕੀਤੀਆਂ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗ਼ਜ਼ਲਗੋ ਸੁਰਜੀਤ ਸਿੰਘ ਜੀਤ ਦੀ ਖੂਬਸੂਰਤ ਗ਼ਜ਼ਲ ‘ਭਾਵੇਂ ਆਉਂਦਾ ਆ ਹੀ ਗਿਆ ਹੈ ਸਾਲ ਨਵਾਂ, ਐਪਰ ਸਾਡਾ ਕੁੱਝ ਵੀ ਨਹੀਂਓ ਹਾਲ ਨਵਾਂ’ ਨਾਲ਼ ਹੋਈ।ਗੁਰਦਿਆਲ ਦਲਾਲ ਨੇ ਕਵਿਤਾ ‘ਗੋਲ ਪੱਥਰ’ ਸੁਣਾਈ।ਪਰਮ ਸਿਆਣ ਨੇ ਕਵਿਤਾ ‘ਸੌਗਾਤ’, ਗੁਰਨਾਮ ਸਿੰਘ ਬਿਜਲੀ ਨੇ ਗ਼ਜ਼ਲ ‘ਸਦਾ ਗ਼ਮ ਘੇਰ ਰੱਖਦਾ ਹੈ ਕਦੇ ਕੋਈ ਕਦੇ ਕੋਈ’, ਮੁਖਤਿਆਰ ਸਿੰਘ ਨੇ ਆਪਣੀ ਨਵੀਂ ਲਿਖੀ ਕਹਾਣੀ ‘ਬਰਲਿਨ ਦੀ ਦੀਵਾਰ’ ਹਾਜ਼ਰੀਨਾਂ ਨਾਲ਼ ਸਾਂਝੀ ਕੀਤੀ।ਬਲਜਿੰਦਰ ਸਿੰਘ ਬੱਲ ਨੇ ਗ਼ਜ਼ਲ ‘ਸਹਿਕਦੇ ਬੁੱਲ੍ਹਾਂ ’ਤੇ ਇਓਂ ਮੁਸਕਾਨ ਕੋਈ ਧਰ ਗਿਆ, ਫਿਰ ਕੋਈ ਖਾਬਾਂ ’ਚ ਮੈਨੂੰ ਜਿਉਣ ਜੋਗਾ ਕਰ ਗਿਆ’, ਲਾਭ ਸਿੰਘ ਬੇਗੋਵਾਲ ਨੇ ਗ਼ਜ਼ਲ, ਸੁਖਵਿੰਦਰ ਸਿੰਘ ਰਾਮਪੁਰੀ ਨੇ ਗੀਤ, ਬਲਵੰਤ ਸਿੰਘ ਮਾਂਗਟ ਨੇ ਆਪਣੇ ਨਵੇਂ ਲਿਖੇ ਜਾ ਰਹੇ ਨਾਵਲ ‘ਦਰਸ਼ਨ ਦਾ ਰੱਬ’ ਦਾ ਇੱਕ ਕਾਂਡ ‘ਗੁੱਲੀ ਡੰਡਾ’ ਸੁਣਾਇਆ।ਅਮਰੀਕ ਸਿੰਘ ਸਾਗੀ ਨੇ ਮਿੰਨੀ ਕਹਾਣੀ ‘ਲਹੂ ਲਿਬੜੀ ਲਾਸ਼’, ਬਾਬੂ ਸਿੰਘ ਚੌਹਾਨ ਨੇ ਕਵਿਤਾ ‘ਧੰਨ ਮਾਤਾ ਗੁਜਰੀ ਜੀ’, ਮਾਸਟਰ ਤਰਲੋਚਨ ਸਮਰਾਲਾ ਨੇ ਗ਼ਜ਼ਲ ਅਤੇ ਅਵਤਾਰ ਸਿੰਘ ਉਟਾਲਾਂ ਨੇ ਗੀਤ ‘ਚਾਂਦਰਾਂ’ ਸੁਣਾਇਆ।ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਉਪਰੋਕਤ ਤੋਂ ਇਲਾਵਾ ਨਰਿੰਦਰ ਸ਼ਰਮਾ, ਕਹਾਣੀਕਾਰ ਸੁਖਜੀਤ, ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ), ਮਾ. ਪੁਖਰਾਜ ਸਿੰਘ ਘੁਲਾਲ ਖਜਾਨਚੀ, ਜਸਵੀਰ ਝੱਜ, ਦੀਪ ਦਿਲਬਰ ਜਨਰਲ ਸਕੱਤਰ, ਮੇਘ ਸਿੰਘ ਜਵੰਦਾ, ਦਰਸ਼ਨ ਸਿੰਘ ਕੰਗ, ਨਿਰਭੈ ਸਿੰਘ ਸਿੱਧੂ, ਤਰਨ ਬੱਲ, ਅਮਨਦੀਪ ਆਜ਼ਾਦ, ਜਸਵੀਰ ਸਮਰਾਲਾ ਅਤੇ ਗੁਰਦੀਪ ਸਿੰਘ ਮਹੌਣ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।ਮੀਟਿੰਗ ਦੇ ਅਖੀਰ ‘ਚ ਸਾਹਿਤ ਸਭਾ ਦੇ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਵਲੋਂ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media