Friday, April 17, 2026

ਡਾ. ਓਬਰਾਏ ਦੀ ਮਿਹਨਤ ਸਦਕਾ ਦੁਬਈ ਤੋਂ ਵਾਪਸ ਘਰਾਂ ਨੂੰ ਪਰਤੇ 14 ਨੌਜਵਾਨ

ਕੰਪਨੀ ਦੀ ਜਾਂਚ ਕਰਨ ਉਪਰੰਤ ਹੀ ਅਰਬ ਦੇਸ਼ਾਂ `ਚ ਆਉਣ ਨੌਜਵਾਨ – ਡਾ. ਓਬਰਾਏ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਉਪਰੰਤ ਦੁਬਈ `ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ PPNJ030320201529 ਭਾਰਤੀ ਨੌਜਵਾਨਾਂ `ਚੋਂ ਅੱਜ 14 ਹੋਰ ਨੌਜਵਾਨ ਦੁਬਈ ਦੇ ਵੱਡੇ ਦਿਲ ਵਾਲੇ ਉਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ.ਐਸ.ਪੀ ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ।
                  ਦੁਬਈ ਤੋਂ ਪਰਤੇ ਨੌਜਵਾਨਾਂ ਨੂੰ ਲੈਣ ਉਚੇਚੇ ਤੌਰ ਤੇ ਹਵਾਈ ਅੱਡੇ ਪਹੁੰਚੇ ਉਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇੱਕ ਕੰਪਨੀ ਨੇ ਸਕਿਓਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ।ਪਰ ਕੁੱਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਸਬੰਧਿਤ ਕੰਪਨੀ ਮਾਲਕ ਆਪਣੀ ਕੰਪਨੀ ਬੰਦ ਕਰ ਕੇ ਭੱਜ ਗਿਆ।ਤਿੰਨ ਤੋਂ ਛੇ ਮਹੀਨਿਆਂ ਦੇ ਕੰਮ ਦੀ ਤਨਖਾਹ ਵੀ ਨੌਜਵਾਨਾਂ ਨੂੰ ਨਹੀਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਜਦ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਹੱਡ ਬੀਤੀ ਸੁਣਾਈ ਤਾਂ ਆਪਣੇ ਖਰਚ ‘ਤੇ ਇਨ੍ਹਾਂ ਨੂੰ ਵਾਪਸ ਭਾਰਤ ਲੈ ਕੇ ਆਉਣ ਦਾ ਫ਼ੈਸਲਾ ਲਿਆ।ਉਨ੍ਹਾਂ ਦੱਸਿਆ ਕਿ ਕੁੱਲ 29 ਨੌਜਵਾਨਾਂ ਚੋਂ 10 ਨੌਜਵਾਨ ਜਿਨ੍ਹਾਂ ਦੇ ਕਾਗਜ਼ਾਤ ਮੁਕੰਮਲ ਸਨ। ਉਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਘਰਾਂ `ਚ ਪਹੁੰਚਾ ਦਿੱਤਾ ਗਿਆ ਹੈ, ਜਦ ਕਿ ਅੱਜ 14 ਹੋਰ ਨੌਜਵਾਨ ਦੁਬਈ ਤੋਂ ਭਾਰਤ ਪਹੁੰਚ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਬਾਕੀ ਬਚਦੇ 5 ਨੌਜਵਾਨਾਂ ਨੂੰ ਵੀ ਜਲਦ ਹੀ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਆਉਣ ਵਾਲੇ ਨੌਜਵਾਨਾਂ `ਚੋਂ 11 ਨੌਜਵਾਨ ਪੰਜਾਬ, 2 ਹਿਮਾਚਲ ਅਤੇ 1 ਹਰਿਆਣਾ ਨਾਲ ਸਬੰਧਿਤ ਹੈ ਜਦੋਂ ਕਿ ਕੁੱਲ 29 ਨੌਜਵਾਨਾਂ `ਚ ਪੰਜਾਬ ਦੇ 18, ਹਰਿਆਣਾ ਦੇ 6, ਹਿਮਾਚਲ ਦੇ 4 ਅਤੇ ਦਿੱਲੀ ਦਾ 1 ਸੀ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਕੁੱਲ 18 ਨੌਜਵਾਨਾਂ `ਚੋਂ 7 ਇਕੱਲੇ ਹੁਸ਼ਿਆਰਪੁਰ ਜਿਲ੍ਹੇ ਨਾਲ ਹੀ ਸਬੰਧਿਤ ਹਨ।ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਜਿੰਨਾ ਚਿਰ ਤੱਕ ਸਾਰੇ ਨੌਜਵਾਨ ਵਾਪਸ ਨਹੀਂ ਆ ਜਾਂਦੇ ਉਨਾਂ ਚਿਰ ਤੱਕ ਦੁਬਈ ਅੰਦਰ ਉਨ੍ਹਾਂ ਦੀ ਰਿਹਾਇਸ਼ ਅਤੇ ਤਿੰਨ ਟਾਇਮ ਖਾਣੇ ਦਾ ਪ੍ਰਬੰਧ ਵੀ ਪਹਿਲਾਂ ਦੀ ਤਰਾਂ ਉਨ੍ਹਾਂ ਵੱਲੋਂ ਹੀ ਜਾਰੀ ਰਹੇਗਾ।
                     ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ.ਓਬਰਾਏ ਨੇ ਜਿੱਥੇ ਨੌਜਵਾਨਾਂ ਨੂੰ ਨਸੀਹਤ ਦਿੱਤੀ ਕਿ ਉਹ ਏਜੰਟਾਂ ਵੱਲੋਂ ਦੱਸੀ ਗਈ ਕੰਪਨੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਉਪਰੰਤ ਹੀ ਅਰਬ ਦੇਸ਼ਾਂ ਅੰਦਰ ਆਉਣ ਉੱਥੇ ਹੀ ਉਨ੍ਹਾਂ ਕਿਹਾ ਕਿ ਮਸਕਟ ਅੰਦਰ ਫਸੀਆਂ ਸਭ ਕੁੜੀਆਂ ਨੂੰ ਬਚਾਉਣ ਲਈ ਉਹ ਹਰ ਕੀਮਤ ਦੇਣ ਲਈ ਤਿਆਰ ਹਨ, ਪਰ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਵੀ ਉਨ੍ਹਾਂ ਦੀ ਬਣਦੀ ਮਦਦ ਲਈ ਅੱਗੇ ਆਵੇ।
                 ਏਸੇ ਦੌਰਾਨ ਦੁਬਈ ਤੋਂ ਵਤਨ ਪੁੱਜੇ ਨੌਜਵਾਨਾਂ ਨੇ ਕਿਹਾ ਕਿ ਇਸ ਪਰਉਪਕਾਰ ਲਈ ਉਹ ਤੇ ਉਨ੍ਹਾਂ ਦੇ ਪਰਿਵਾਰ ਡਾ. ਐਸ.ਪੀ ਸਿੰਘ ਓਬਰਾਏ ਦੇ ਰਿਣੀ ਰਹਿਣਗੇ।ਇਸ ਮੌਕੇ ਰਾਜਨ ਸਿੱਧੂ, ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਖਜ਼ਾਨਚੀ ਨਵਜੀਤ ਸਿੰਘ ਘਈ, ਗੁਰਪ੍ਰੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਦੁਬਈ ਤੋਂ ਪਰਤਣ ਵਾਲੇ ਨੌਜਵਾਨਾਂ ਦੇ ਮਾਪੇ ਵੱਡੀ ਗਿਣਤੀ `ਚ ਮੌਜੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …