ਉਸਦੇ ਦੱਸੇ ਰਸਤੇ ਜਾਵਾਂ
ਬਾਣੀ ਦੇ ਸੰਗ ਮਨ ਰੁਸ਼ਨਾਵਾਂ
ਨਾਨਕ ਦੇ ਜੇ ਬੋਲ ਪੁਗਾਵਾਂ
ਤਦ ਨਾਨਕ ਦਾ ਸਿੱਖ ਕਹਾਵਾਂ।
ਵਹਿਮਾਂ ਭਰਮਾਂ ਨੂੰ ਜੇ ਮੈਂ ਭੁੱਲਾਂ
ਤਰ ਜਾਵਣ ਫਿਰ ਮੇਰੀਆਂ ਕੁੱਲਾਂ
ਨ੍ਹੇਰੇ ਜੋ ਇਸ ਜੱਗ ਕਰੇ ਨੇ
ਬਾਣੀ ਦੇ ਸੰਗ ਦੂਰ ਭਜਾਵਾਂ।
ਤਦ ਨਾਨਕ ਦਾ….
ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ
ਮੱਥਾ ਟੇਕਾਂ ਬਾਕੀ ਸਭ ਨੂੰ
ਝੂਠ ਅਡੰਬਰ ਭੁੱਲ ਕੇ ਸਾਰੇ
ਜੀਵਨ ਏਦਾਂ ਸਫ਼ਲ ਬਣਾਵਾਂ।
ਤਦ ਨਾਨਕ ਦਾ…
ਵੰਡ ਛਕਾਂ ਮੈਂ ਜੋ ਵੀ ਮਿਲਦਾ
ਹਰ ਦੁੱਖ ਮਿਟ ਜੂ ਮੇਰੇ ਦਿਲ ਦਾ
ਮਿਹਨਤ ਦਾ ਮੁੱਲ ਦੇਵਾਂ ਸਭ ਨੂੰ
ਹੱਕ ਕਿਸੇ ਦਾ ਨਾ ਮੈਂ ਖਾਵਾਂ।
ਤਦ ਨਾਨਕ ਦਾ…
ਦੋਹੀਂ ਹੱਥੀਂ ਕਿਰਤ ਕਰਾਂ ਮੈਂ
ਘਰ ਫਿਰ ਮਿਹਨਤ ਨਾਲ ਭਰਾਂ ਮੈਂ
ਜੋ ਵੀ ਦਾਤਾਂ ਮਿਲੀਆਂ ਜੱਗ ‘ਤੇ
ਉਸ ਦਾਤੇ ਦਾ ਸ਼ੁਕਰ ਮਨਾਵਾਂ।
ਤਦ ਨਾਨਕ ਦਾ…
ਜਾਤ ਪਾਤ ਦਾ ਭੇਦ ਕਰਾਂ ਨਾ
ਐਸੇ ਕੋਈ ਖੇਦ ਕਰਾਂ ਨਾ
ਇੱਕੋ ਨੂਰ ‘ਚੋਂ ਉਪਜੇ ਮੰਨ ਕੇ
ਹਰ ਬੰਦੇ ਨੂੰ ਗਲ ਨਾਲ ਲਾਵਾਂ।
ਤਦ ਨਾਨਕ ਦਾ..
ਬਾਬੇ ਨਾਨਕ ਸੀ ਸਮਝਾਇਆ
ਛੋਟਾ ਵੱਡਾ ਔਰਤ ਜਾਇਆ
ਜੱਗ ਜਨਣੀ ਦੀ ਕਦਰ ਕਰਾਂ ਮੈਂ
ਉਸ ਦੇ ਅੱਗੇ ਸੀਸ ਨਿਵਾਵਾਂ।
ਤਦ ਨਾਨਕ ਦਾ..

ਹਰਦੀਪ ਬਿਰਦੀ
ਮੋ – 90416 00900
Punjab Post Daily Online Newspaper & Print Media