Thursday, November 7, 2024

ਖਾਲਸਾਈ ਸ਼ਾਨੋ ਸ਼ੋਕਤ ਨਾਲ ਨਿਕਲਿਆ ਦਿੱਲੀ ਫਤਹਿ ਮਾਰਚ

PPN10309
ਨਵੀਂ ਦਿੱਲੀ, 10 ਮਾਰਚ (ਅੰਮ੍ਰਿਤ ਲਾਲ ਮੰਨਣ) : ਬਾਬਾ ਬਘੇਲ ਸਿੰਘ, ਸ੍ਰ. ਜੱਸਾ ਸਿੰਘ ਰਾਮਗੜ੍ਹੀਆ, ਸ੍ਰ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮਰਪਿਤ ਜਰਨੈਲੀ ਫਤਹਿ ਮਾਰਚ ਜਮਨਾ ਬਾਜ਼ਾਰ ਤੋਂ ਲਾਲ ਕਿਲੇ ਤੱਕ ਅਤੇ ਲਾਲ ਕਿਲਾ ਮੈਦਾਨ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਕੌਮਾਂਤਰੀ ਪੱਧਰ ਦੇ ਸ਼ਾਹੀ ਸੱਭਿਆਚਾਰਕ ਜੋੜ ਮੇਲੇ ਵਿੱਚ ਆਈਆਂ ਸੰਗਤਾਂ ਵਿੱਚ ਬੀਰ ਰਸ ਪੈਦਾ ਕਰਨ ਵਾਲਾ ਅਧਿਆਤਮਿਕ ਛੋਹਾਂ ਵਾਲਾ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਪ੍ਰੀਤਮ ਸਿੰਘ ਆਦਿਕ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਚਲ ਰਹੇ ਫਤਹਿ ਮਾਰਚ ਵਿੱਚ ਖੁੱਲੀਆਂ ਜੀਪਾਂ ‘ਤੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਫਤਹਿ ਮਾਰਚ ਵਿੱਚ ਪੁਰਾਤਨ ਸ਼ਸ਼ਤਰਾਂ ਵਾਲੀ ਗੱਡੀ, ਨਿਹੰਗ ਸਿੰਘ ਹਾਥੀ, ਘੋੜੇ ਅਤੇ ਊਠਾਂ ‘ਤੇ, ਪੰਜਾਬ ਪੁਲਿਸ ਬੈਂਡ ਅਤੇ ਗਤਕਈ ਅਖਾੜੇ ਖਾਲਸਾਈ ਜਾਹੋ ਜਲਾਲ ਨਾਲ ਲਾਲ ਕਿਲੇ ਵੱਲ ਕੂਚ ਕਰਦੇ ਹੋਏ ਸਿੰਘਾਂ ਵੱਲੋਂ 1783 ਵਿੱਚ ਕੀਤੀ ਗਈ ਦਿੱਲੀ ਫਤਹਿ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰ ਰਹੇ ਸਨ।

ਫਤਹਿ ਮਾਰਚ ਦੇ ਲਾਲ ਕਿਲਾ ਪੁੱਜਣ ‘ਤੇ ਸਿੱਖ ਰੈਜੀਮੈਂਟ ਬੈਂਡ ਨੇ ਬੀਰ ਰਸ ਧੁਨਾਂ ਨਾਲ ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੀ ਵਰਖਾ ਰਾਹੀਂ ਜਥੇਦਾਰ ਸਾਹਿਬਾਨ ਤੇ ਹੋਰ ਮੁੱਖੀਆਂ ਦਾ ਸਨਮਾਨ ਤੇ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਲਾਲ ਕਿਲਾ ਮੈਦਾਨ ਵਿਖੇ ਹੋਏ ਧਾਰਮਿਕ ਅਤੇ ਸ਼ਾਹਾਨਾ ਸਭਿਆਚਾਰਕ ਸਮਾਗਮ ਵਿੱਚ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ, ਭਾਈ ਲਖਵਿੰਦਰ ਸਿੰਘ ਪਾਰਸ, ਦਿੱਲੀ ਆਰਮਡ ਫੋਰਸ ਦੇ ਬੈਂਡ, ਸੂਫੀ ਗਾਇਕਾ ਬੀਬਾ ਹਰਸ਼ਦੀਪ ਕੌਰ, ਬੀਰ ਖਾਲਸਾ ਦਲ ਅਖਾੜਾ ਤੇ ਪੰਜਾਬੀ ਲੋਕ ਮੰਚ ਪਟਿਆਲਾ ਵੱਲੋਂ ਰਾਜ ਕਰੇਗਾ ਖਾਲਸਾ ਨਾਟਕ ਦੀ ਪੇਸ਼ਕਾਰੀ ਕਰਕੇ ਜਿਥੇ ਸੰਗਤ ਆਪਣੇ ਵੱਡੇਮੁੱਲੇ ਇਤਿਹਾਸ ਨਾਲ ਰੂਬਰੂ ਹੋਈ ਉਥੇ ਹੀ ਬੀਰ ਰਸ ਨਾਲ ਮਾਹੌਲ ਚੜ੍ਹਦੀ ਕਲਾ ਵਾਲਾ ਹੋ ਗਿਆ। ਨਿਜ਼ਾਮਉਦੀਨ ਅੋਲੀਆ ਦਰਗਾਹ ਦੇ ਗੱਦੀ ਨਸ਼ੀਨ ਸਈਅਦ ਅਜ਼ੀਜ ਨਿਜ਼ਾਮੀ, ਮੁਹੰਮਦ ਸਾਈਦ, ਸਈਅਦ ਆਸ਼ੀਫ ਨਿਜ਼ਾਮੀ, ਸ਼ੰਕਰਾਚਾਰੀਆ ਉਂਕਾਰਾ ਨੰਦ ਜੀ ਤੇ ਜੈਨ ਸੰਪਰਦਾ ਦੇ ਡਾ. ਆਚਾਰੀਆ ਲੋਕੇਸ਼ ਮੁਨੀ ਨੇ ਸਟੇਜ ਤੋਂ ਸਨਮਾਨ ਲੈਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਦਿੱਲੀ ਕਮੇਟੀ ਦੇ ਇਸ ਇਤਿਹਾਸਕ ਕਾਰਜ ਦੀ ਸ਼ਲਾਘਾ ਕੀਤੀ। ਬਾਬਾ ਬੁੱਢਾ ਦਲ ਵੱਲੋਂ ਇਸ ਮੌਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬਘੇਲ ਸਿੰਘ ਤੇ ਹੋਰ ਜਰੈਨਲਾਂ ਦੇ ਸ਼ਸਤਰ ਅਤੇ ਨਗਾਰੇ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਸੂਫੀ ਗਾਇਕਾ ਹਰਸ਼ਦੀਪ ਕੌਰ ਨੇ ਗੁਰਬਾਣੀ ਸ਼ਬਦਾਂ ਦੇ ਗਾਇਨ ਤੋਂ ਇਲਾਵਾ ਸਮਾਜ ਵਿੱਚ ਫੈਲੀ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਸਭਿਆਚਾਰਕ ਗੀਤ ਪੇਸ਼ ਕੀਤੇ।

PPN10310ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਹਰ ਸਾਲ ਇਸ ਪ੍ਰੋਗਰਾਮ ਨੂੰ ਕਰਾਉਣ ਦੀ ਸੰਗਤਾਂ ਤੋਂ ਪ੍ਰਵਾਨਗੀ ਲੈਦਿਆਂ ਹੋਇਆਂ ਵਾਇਦਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਅਨੁਸਾਰ ਦਿੱਲੀ ਵਿੱਚ ਅਣਗੋਲੇ ਹੋਏ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਦਿੱਲੀ ਕਮੇਟੀ ਆਪਣੀ ਪੂਰੀ ਵਾਹ ਲਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜਿਥੇ ਦਿੱਲੀ ਕਮੇਟੀ ਵਿਦਿਅਕ ਅਦਾਰਿਆਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਯਤਨਸ਼ੀਲ ਹੈ ਉਥੇ ਹੀ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਣ ਵਾਸਤੇ ਵੀ ਵਚਨਬੱਧ ਹੈ। ਉਨ੍ਹਾਂ ਨੇ ਬੀਰ ਖਾਲਸਾ ਦਲ ਵੱਲੋਂ ਦਿੱਲੀ ਵਿਖੇ ਅਖਾੜਾ ਖੋਲਣ ਲਈ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦੇ ਦਿਨ ਨੂੰ ਆਪਣੇ ਜੀਵਨ ਦਾ ਇਤਿਹਾਸਕ ਪਲ ਦੱਸਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਨੂੰ ਹਰ ਸਾਲ ਅੱਜ ਦੀ ਤਰ੍ਹਾਂ ਹੀ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਫੋਜਾਂ ਲੈਕੇ ਆਉਣ ਦਾ ਅਹਿਦ ਲੈਣ ਦੀ ਵੀ ਬੇਨਤੀ ਕੀਤੀ ਜਿਸ ਨੂੰ ਸਮੁੱਚੀ ਨਿਹੰਗ ਸਿੰਘ ਜਥੇਦਬੰਦੀਆਂ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਨਮਾਨ ਵਜੋਂ ਦਸਤਾਰ ਭੇਟ ਕਰਦੇ ਹੋਏ ਮਨਜ਼ੂਰ ਕਰ ਲਿਆ ਗਿਆ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਮਨਜੀਤ ਸਿੰਘ ਜੀ.ਕੇ. ਨੂੰ ਸਿਰੋਪਾਉ ਭੇਟ ਕਰਦੇ ਹੋਏ ‘ਜਥੇਦਾਰ’ ਦੀ ਉਪਾਧੀ ਨਾਲ ਨਿਵਾਜਿਆ।

PPN10311ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਬਾਬਾ ਫੁੰਮਣ ਸਿੰਘ ਡੇਰਾ ਬਾਬਾ ਕਰਮ ਸਿੰਘ ਵਾਲੇ, ਸੰਤ ਅੰਮ੍ਰਿਤਪਾਲ ਸਿੰਘ ਟਿਕਾਣਾ ਸਾਹਿਬ ਵਾਲੇ ਤੇ ਹੋਰ ਸੰਤਾਂ ਮਹਾਪੁਰਖਾਂ ਵੱਲੋਂ ਸੰਗਤਾਂ ਨੂੰ ਦਿੱਲੀ ਫਤਹਿ ਦਿਵਸ ਦੀ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਦੇ ਇਸ ਉਪਰਾਲੇ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਨਿਗਮ ਪਾਰਸ਼ਦ ਬੀਬਾ ਸਤਵਿੰਦਰ ਕੌਰ ਸਿਰਸਾ ਅਤੇ ਦਿੱਲੀ ਕਮੇਟੀ ਦੇ ਸਮੂੰਹ ਮੈਂਬਰ ਸਾਹਿਬਾਨ ਤੇ ਯੂਥ, ਇਸਤਰੀ ਤੇ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਸਾਹਿਬਾਨ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply