Tuesday, December 24, 2024

ਜਿਲ੍ਹੇ ’ਚ 31 ਮਈ ਤੱਕ ਜਾਰੀ ਰਹੇਗਾ ‘ਲਾਕਡਾਊਨ’

ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਬਿਨਾਂ ਆਗਿਆ ਘਰੋਂ ਨਿਕਲਣ ‘ਤੇ ਪਾਬੰਦੀ – ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 19 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆ ਵਿਭਾਗ ਵਲੋਂ ਜਾਰੀ 17 ਮਈ 2020 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ ਨਾਗਰਿਕ ਗਤੀਵਿਧੀਆਂ ਨੂੰ ਸੀਮਿਤ ਰੱਖਣ ਲਈ ‘ਲਾਕਡਾਊਨ’ ’ਚ 31 ਮਈ 2020 ਤੱਕ ਵਾਧਾ ਕਰ ਦਿੱਤਾ ਹੈ।
             ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਇਸ ਸਮੇਂ ਦੌਰਾਨ ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਰੂਰੀ ਨਾਗਰਿਕ ਗਤੀਵਿਧੀ ’ਤੇ ਰੋਕ ਲਗਾਉਣ ਦੇ ਹੁਕਮ ਵੀ ਕੀਤੇ ਹਨ।
             ਲਾਕਡਾਊਨ ਦੇ ਤਾਜ਼ਾ ਹੁਕਮਾਂ ਰਾਹੀਂ ਜ਼ਿਲ੍ਹੇ ’ਚ ਜਿਹੜੀਆਂ ਗਤੀਵਿਧੀਆਂ ਨਹੀਂ ਹੋ ਸਕਦੀਆਂ, ਉਨ੍ਹਾਂ ’ਚ ਸਕੂਲ, ਕਾਲਜ ਤੇ ਹੋਰ ਸਿਖਿਆ ਸੰਸਥਾਂਵਾਂ ਤੇ ਕੋਚਿੰਗ ਸੰਸਥਾਂਵਾਂ ਬੰਦ ਰਹਿਣਗੀਆਂ।ਹੋਟਲ, ਰੈਸਟੋਰੈਂਟ ਤੇ ਦੂਸਰੀਆਂ ਮੇਜ਼ਬਾਨੀ ਸੇਵਾਵਾਂ (ਸਰਕਾਰੀ ਮੰਤਵ ਅਤੇ ‘ਇਕਾਂਤਵਾਸ’ ਲਈ ਵਰਤੋਂ ’ਚ ਲਿਆਂਦੀਆਂ ਗਈਆਂ ਸੇਵਾਵਾਂ ਨੂੰ ਛੱਡ ਕੇ) ’ਤੇ ਰੋਕ ਰਹੇਗੀ।ਸਿਨੇਮਾ, ਮਾਲ, ਸ਼ਾਪਿੰਗ ਕੰਪਲੈਕਸ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੇ ਹੋਰ ਇਕੱਤਰਤਾਵਾਂ ਵਾਲੇ ਸਥਾਨ ਵੀ ਬੰਦ ਰਹਿਣਗੇ।ਹਰ ਤਰ੍ਹਾਂ ਦੀ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਕ, ਵਿਦਿਅਕ, ਸਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਅਜਿਹੀਆਂ ਇਕੱਤਰਤਾਵਾਂ ’ਤੇ ਰੋਕ ਰਹੇਗੀ।
               ਜ਼ਿਲ੍ਹੇ ’ਚ ਜਿਹੜੀਆਂ ਗਤੀਵਿਧੀਆਂ ਦੀ ਮਨਜ਼ੂਰੀ ਹੋਵੇਗੀ, ਉਨ੍ਹਾਂ ’ਚ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ) ਤਹਿਤ ਯਾਤਰੀ ਵਾਹਨਾਂ ਤੇ ਬੱਸਾਂ ਦੀ ਆਗਿਆ ਹੋਵੇਗੀ।ਅੰਤਰਰਾਜੀ ਯਾਤਰੀ ਵਾਹਨਾਂ ਦੀ ਵਰਤੋਂ ਸਬੰਧਤ ਰਾਜ/ਜ਼ਿਲ੍ਹੇ ਦੀ ਸਹਿਮਤੀ ਦੇ ਆਧਾਰ ’ਤੇ ਇਨ੍ਹਾਂ ਵਿਅਕਤੀਆਂ ਲਈ ਐਸ.ਓ.ਪੀ ’ਚ ਵਰਣਿਤ ਗ੍ਰਹਿ ਮਾਮਲੇ ਮੰਤਰਾਲਾ ਦੀਆਂ ਸੇਧਾਂ ਦੇ ਅਨੁਸਾਰ ਹੋਵੇਗੀ।ਟੈਕਸੀ/ਕੈਬ ਦੀ ਆਗਿਆ ਰਾਜ ਦੇ ਟ੍ਰਾਂਸਪੋਰਟ ਵਿਭਾਗ ਵਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐਸ.ਓ.ਪੀ ਦੇ ਆਧਾਰ ’ਤੇ ਹੋਵੇਗੀ।ਸਾਈਕਲ, ਰਿਕਸ਼ਾ ਤੇ ਆਟੋ ਰਿਕਸ਼ਾ ਦੀ ਆਗਿਆ ਰਾਜ ਦੇ ਟ੍ਰਾਸਪੋਰਟ ਵਿਭਾਗ ਵਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐਸ.ਓ.ਪੀ ਦੇ ਆਧਾਰ ’ਤੇ ਹੋ ਸਕੇਗੀ।ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਦੀ ਆਗਿਆ ਵੀ ਰਾਜ ਦੇ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਦੇ ਆਧਾਰ ’ਤੇ ਹੋਵੇਗੀ।
               ਸ਼ਾਪਿੰਗ, ਦਫ਼ਤਰ ਅਤੇ ਕੰਮ ’ਤੇ ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ ਬਸ਼ਰਤੇ ਇਸ ਸਬੰਧੀ ਜਾਰੀ ਐਸ.ਓ.ਪੀ ’ਚ ਵਰਣਿਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
               ਬਾਰਬਰ (ਵਾਲ ਕੱਟਣ), ਸੈਲੂਨ ਤੇ ਸਪਾਅ ਗਤੀਵਿਧੀਆਂ ਸੂਬਾਈ ਸਿਹਤ ਵਿਭਾਗ ਵਲੋਂ ਜਾਰੀ ਸ਼ਰਤਾਂ ਦੀ ਪਾਲਣਾ ਦੇ ਆਧਾਰ ’ਤੇ ਹੀ ਹੋ ਸਕਣਗੀਆਂ।ਖੇਡ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਤੋਂ ਸੂਬਾਈ ਖੇਡ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਹੀ ਖੁੱਲ੍ਹ ਸਕਣਗੇ।ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚ ਸਥਾਪਿਤ ਹਰ ਤਰ੍ਹਾਂ ਦੀ ਸਨਅਤ ਬਿਨਾਂ ਕਿਸੇ ਵਿਸ਼ੇਸ਼ ਆਗਿਆ ਦੀ ਜ਼ਰੂਰਤ ਤੋਂ ਕੰਮ ਕਰ ਸਕੇਗੀ।ਉਸਾਰੀ ਕਾਰਜ ਵੀ ਸ਼ਹਿਰੀ ਤੇ ਪੇਂਡੂ ਇਲਾਕਿਆਂ ’ਚ ਬਿਨਾਂ ਕਿਸੇ ਮਨਾਹੀ ਤੋਂ ਚੱਲ ਸਕਣਗੇ।ਈ-ਕਾਮਰਸ ਨੂੰ ਹਰੇਕ ਤਰ੍ਹਾਂ ਦੀਆਂ ਵਸਤਾਂ ਲਈ ਆਗਿਆ ਹੋਵੇਗੀ।
ਉਦਯੋਗਾਂ ਤੇ ਦੂਸਰੇ ਅਦਾਰਿਆਂ ਨੂੰ ਆਪਣੇ ਅਦਾਰੇ ਸ਼ੁਰੂ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਵੱਖਰੇ ਤੌਰ ’ਤੇ ਆਗਿਆ ਦੀ ਲੋੜ ਨਹੀਂ।ਹਰੇਕ ਤਰ੍ਹਾਂ ਦੇ ਕਰਮਚਾਰੀ ਭਾਵੇਂ ਉਹ ਸਰਕਾਰੀ ਜਾਂ ਗੈਰ ਸਰਕਾਰੀ ਹੋਣ, ਨੂੰ ਆਪਣੇ ਦਫ਼ਤਰ/ਕੰਮ ਦੇ ਸਥਾਨ ’ਤੇ ਜਾਣ ਲਈ ਸਵੇਰ ਦੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ।
              ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਜ਼ਿਲ੍ਹੇ ’ਚ ਸਨਅਤਾਂ, ਉਸਾਰੀ ਗਤੀਵਿਧੀਆਂ, ਦਫ਼ਤਰਾਂ, ਬੈਂਕਾਂ, ਅਦਾਰਿਆਂ, ਰੀਟੇਲ ਆਊਟਲੈਟਾਂ, ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ’ਚ ਪਹਿਲਾਂ ਦਿੱਤੀਆਂ ਛੋਟਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ 31 ਮਈ 2020 ਤੱਕ ਜਾਰੀ ਰਹਿਣਗੀਆਂ।
ਦੁਕਾਨਾਂ 8 ਅਤੇ 14 ਮਈ 2020 ਨੂੰ ਜ਼ਿਲ੍ਹੇ ’ਚ ਜਾਰੀ ਰੋਟੇਸ਼ਨ, ਸਮਾਂ-ਸਾਰਣੀ ਅਤੇ ਹਦਾਇਤਾਂ ਮੁਤਾਬਕ ਹੀ ਖੁੱਲ੍ਹਣਗੀਆਂ।
ਜ਼ਿਲ੍ਹੇ ’ਚ ਜਿਨ੍ਹਾਂ ਸ਼੍ਰੇਣੀਆਂ/ਅਦਾਰਿਆਂ ਨੂੰ ਖੁੱਲ੍ਹ ਦਿੱਤੀ ਗਈ ਹੈ, ਉਨ੍ਹਾਂ ਵਾਸਤੇ ਮਾਸਕ, ਦਸਤਾਨੇ, ਹੱਥ ਧੋਣ ਤੇ ਦੂਸਰੀਆਂ ਸਾਵਧਾਨੀਆਂ, ਸਮਾਜਿਕ ਫ਼ਾਸਲੇ ਦੀ ਪਾਲਣਾ ਲਾਜ਼ਮੀ ਹੋਵੇਗੀ।ਜ਼ਿਲ੍ਹੇ ’ਚ ਗੈਰ-ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਦੀ ਸਲਾਹ ਕੀਤੀ ਗਈ ਹੈ।ਮਨਜ਼ੂਰੀ ਅਧੀਨ ਗਤੀਵਿਧੀਆਂ ਨੂੰ ਸਖਤੀ ਨਾਲ ਨਿਯਮਿਤ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਮਨਾਹੀ ਵੀ ਕੀਤੀ ਜਾ ਸਕਦੀ ਹੈ।
               65 ਸਾਲ ਤੋਂ ਉਪਰ ਦੇ ਬਜ਼ੁਰਗਾਂ, ਇੱਕ ਤੋਂ ਜ਼ਿਆਦਾ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਆਪਣੀ ਸਿਹਤ/ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੰਮਾਂ ਤੋਂ ਬਿਨਾਂ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਛੋਟਾਂ/ਹੁਕਮ ਕੰਨਟੇਨਮੈਂਟ ਜ਼ੋਨ ’ਚ ਲਾਗੂ ਨਹੀਂ ਹੋਣਗੇ।
              ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਨਾਗਰਿਕਾਂ ਦੇ ਵਿਚਰਨ ਸਬੰਧੀ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ ਅਤੇ ਕੌਮੀ ਹਦਾਇਤਾਂ ਜੋ ਕਿ 17 ਮਈ 2020 ਦੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੇ ਅਨੁਕੂਲ ਲਾਗੂ ਕੀਤੀਆਂ ਗਈਆਂ ਹਨ, ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਾਜ਼ਮੀ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …