Thursday, February 26, 2026

ਜ਼ਿਲੇ੍ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਕਰਵਾਏ ਜਾ ਰਹੇ ਹਨ ਕਰੋਨਾ ਟੈਸਟ – ਡਿਪਟੀ ਕਮਿਸ਼ਨਰ

ਹੁਣ ਤੱਕ ਲਏ ਗਏ 3302 ਸੈਂਪਲਾਂ ‘ਚੋ 3134 ਦੀ ਰਿਪੋਰਟ ਆਈ ਨੈਗਟਿਵ

ਤਰਨ ਤਾਰਨ, 4 ਜੂਨ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੇ ਗਏ “ਮਿਸ਼ਨ ਫਤਿਹ” ਅਭਿਆਨ ਤਹਿਤ ਜ਼ਿਲੇ੍ ਵਿੱਚ ਕਰੋਨਾ ਵਾਇਰਸ ਸਬੰਧੀ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿਚ ਹੁਣ ਤੱਕ 3302 ਵਿਅਕਤੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ, ਜਿਨਾਂ ’ਚੋਂ 3134 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ, ਜਦਕਿ 168 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ, ਜਿੰਨ੍ਹਾਂ ’ਚੋਂ 165 ਵਿਅਕਤੀ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
              ਉਹਨਾਂ ਦੱਸਿਆ ਕਿ ਜਾਂਚ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਲੈਬ ਵਿੱਚ ਭੇਜੇ ਗਏ 115 ਸੈਂਪਲਾਂ ਦੀ ਅੱਜ ਪ੍ਰਾਪਤ ਰਿਪੋਰਟ ਨੈਗੇਟਿਵ ਆਈ ਹੈ।ਅੱਜ 243 ਹੋਰ ਸੈਂਪਲ ਲੈ ਕੇ ਕੋਵਿਡ-19 ਦੀ ਜਾਂਚ ਲਈ ਮੈਡੀਕਲ ਲੈਬ ਨੂੰ ਭੇਜੇ ਗਏ ਹਨ।
               ਡਿਪਟੀ ਕਮਿਸਨਰ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲਾ ਤਰਨ ਤਾਰਨ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਘਰ-ਘਰ ਜਾ ਕੇ ਸਰਵੇ ਕਰਵਾਇਆ ਜਾਵੇਗਾ।ਇਸ ਲਈ ਸਿਹਤ ਵਿਭਾਗ ਵੱਲੋਂ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਸਮੁੱਚੇ ਜ਼ਿਲ੍ਹੇ ਦਾ ਸਰਵੇ ਕੀਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
            ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਸਿਰਫ਼ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਇਲਾਜ਼ ਲਈ ਦਾਖਲ ਹਨ।ਇਹ ਮਰੀਜ਼ ਸਿਹਤ ਪੱਖੋਂ ਬਿਲਕੁੱਲ ਠੀਕ-ਠਾਕ ਹਨ।ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਕਿਸੇ ਵੀ ਮਰੀਜ਼ ਨੂੰ ਆਕਸੀਜ਼ਨ ਦੀ ਲੋੜ ਨਹੀਂ ਪਈ।ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਰੋਜ਼ਾਨਾ ਹੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ਤਰਨ ਤਾਰਨ, ਸਰਕਾਰੀ ਹਸਪਤਾਲ ਖਡੂਰ ਸਾਹਿਬ, ਸਰਕਾਰੀ ਹਸਪਤਾਲ ਪੱਟੀ, ਸੀ.ਐਚ.ਸੀ ਸੁਰ ਸਿੰਘ ਵਿੱਚ ਸੈਂਪਲ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …