ਗਰੇਵਾਲ ਨੇ ਲਗਾਤਾਰ ਤਿੰਨ ਘੰਟੇ ਬੋਲ ਕੇ ਇੱਕ ਫਿਲਮ ਦੇ ਸੀਨ ਵਾਂਗੂੰ ਸਰੋਤਿਆਂ ਨੂੰ ਕੀਲ ਕੇ ਰੱਖਿਆ

ਸਮਰਾਲਾ, 20 ਅਤੂਬਰ (ਪ. ਪ.) : ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਡਾ. ਗੁਲਜਾਰ ਮੁਹੰਮਦ ਗੋਰੀਆ ਦੀ ਪੰਜਵੀਂ ਬਰਸੀ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਇਕੱਤਰਤਾ ਵਿੱਚ ਕਹਾਣੀਕਾਰ ਬਲਵਿੰਦਰ ਗਰੇਵਾਲ ਨਾਲ ਰੂਬਰੂ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ 45 ਦੇ ਲਗਭਗ ਸਾਹਿਤਕਾਰਾਂ ਅਤੇ ਪਾਠਕਾਂ ਨੇ ਭਾਗ ਲਿਆ। ਇਸ ਰੂਬਰੂ ਦੌਰਾਨ ਹੀ ਮਾਸਟਰ ਤਰਲੋਚਨ ਸਿੰਘ ਨੂੰ ਅਧਿਆਪਨ ਕਿੱਤੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਇੱਕ ਸ਼ਾਲ ਅਤੇ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਿਸ ਸਬੰਧੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਭਾਵ ਆਪਣੇ ਸ਼ਹਿਰ ਵਿੱਚੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਉਨ੍ਹਾਂ ਲਈ ਬੜੇ ਮਾਣ ਤੇ ਗੌਰਵ ਵਾਲੀ ਗੱਲ ਹੈ। ਰੂਬਰੂ ਦੇ ਅਰੰਭ ਤੋਂ ਪਹਿਲਾਂ ਲਾਭ ਸਿੰਘ ਬੇਗੋਵਾਲ ਅਤੇ ਗੁਰਦਿਆਲ ਦਲਾਲ ਨੇ ਆਪਣੀਆਂ ਗ਼ਜ਼ਲਾਂ ਸੁਣਾ ਕੇ ਸਾਹਿਤਕ ਮਹੌਲ ਸਿਰਜਣ ਵਿੱਚ ਮੱਦਦ ਕੀਤੀ। ਜਿਨ੍ਹਾਂ ਨੂੰ ਭਰਪੂਰ ਦਾਦ ਦਿੱਤੀ ਗਈ। ਉਪਰੰਤ ਕਹਾਣੀਕਾਰ ਬਲਵਿੰਦਰ ਗਰੇਵਾਲ ਬਾਰੇ ਕਹਾਣੀਕਾਰ ਸੁਖਜੀਤ ਨੇ ਸੰਖੇਪ ਵੇਰਵੇ ਨਾਲ ਜਾਣਕਾਰੀ ਦਿੱਤੀ ਗਈ। ਕਹਾਣੀਕਾਰ ਗਰੇਵਾਲ ਨੇ ਆਪਣੇ ਜਨਮ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਜਿਕਰ ਕੀਤਾ ਕਿ ਕਿਵੇਂ 1907 ਵਿੱਚ ਪਲੇਗ ਦੀ ਬਿਮਾਰੀ ਵਿੱਚ ਉਸਦੇ ਦਾਦਾ ਤੇ ਦਾਦੀ ਦੋਵੇਂ ਮੌਤ ਦੇ ਮੂੰਹ ਵਿੱਚ ਜਾ ਪਏ, ਉਸ ਸਮੇਂ ਉਸਦਾ ਪਿਤਾ ਸ. ਤੇਜਾ ਸਿੰਘ ਕੇਵਲ 4 ਵਰ੍ਹੇ ਦਾ ਮਾਸੂਮ ਜਿਹਾ ਬਾਲ ਸੀ। ਗਰੇਵਾਲ ਨੇ ਨਿੱਜੀ ਜ਼ਿੰਦਗੀ ਤੇ ਆਪਣੇ ਕਿੱਤੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਤਿਹਾਸ, ਮਥਿਹਾਸ ਤੇ ਸਮਾਜਿਕ ਵਰਤਾਰੇ ਵਿੱਚ ਆਉਂਦੀਆਂ ਤਬਦੀਲੀਆਂ ਤੇ ਵਿਕਾਸ ਵੱਲ ਲੇਖਕਾਂ ਨੂੰ ਗੰਭੀਰ ਹੋ ਕੇ ਸੋਚਣ ਤੇ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ ਮਾਰਕਸਵਾਦ ਦੀ ਸਾਰਥਕਤਾ, ਉਸ ਰਾਹੀਂ ਬਣਦੇ ਦ੍ਰਿਸ਼ਟੀਕੋਣ ਨੂੰ ਅਜੋਕੇ ਸਮਾਜਿਕ ਵਰਤਾਰੇ ਨੂੰ ਸਮਝਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਪਣੇ ਕਹਾਣੀਆਂ ਦੇ ਪਾਤਰਾਂ ਦੀ ਜਾਣ ਪਛਾਣ ਕਰਵਾਉਂਦਿਆਂ ਉਨ੍ਹਾਂ ਤੋਂ ਸਿੱਖਣ ਦੀ ਗੱਲ ਆਖੀ। ਉਪਰੰਤ ਹਾਜਰ ਲੇਖਕਾਂ ਨੇ ਉਨ੍ਹਾਂ ਨੂੰ ਸਵਾਲ ਕੀਤੇ ਜਿਨ੍ਹਾਂ ਦੇ ਢੁੱਕਵੇਂ ਜਵਾਬ ਗਰੇਵਾਲ ਵੱਲੋਂ ਦਿੱਤੇ ਗਏ। ਸਵਾਲ ਕਰਨ ਵਾਲਿਆਂ ਵਿੱਚ ਐਡਵੋਕੇਟ ਨਰਿੰਦਰ ਸ਼ਰਮਾ, ਪ੍ਰੇਮ ਸਾਗਰ ਸ਼ਰਮਾ, ਦੀਪ ਦਿਲਬਰ, ਕਹਾਣੀਕਾਰ ਗੁਰਦਿਆਲ ਦਲਾਲ, ਮਾਸਟਰ ਤਰਲੋਚਨ, ਕਹਾਣੀਕਾਰ ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਭਾਟੀਆ, ਮਨਦੀਪ ਮਾਣਕੀ, ਜਸਵੀਰ ਸਮਰਾਲਾ, ਕਰਮਜੀਤ ਬਾਸੀ, ਸੰਦੀਪ ਤਿਵਾੜੀ, ਜਗਦੀਸ਼ ਨੀਲੋਂ, ਜੋਗਿੰਦਰ ਜੋਸ਼ ਤੇ ਬਿਹਾਰੀ ਲਾਲ ਸੱਦੀ ਸ਼ਾਮਲ ਹੋਏ। ਇਸ ਮੌਕੇ ਹਾਜਰ ਹੋਣ ਵਾਲਿਆਂ ਵਿੱਚ ਪ੍ਰੋ. ਬਲਦੀਪ ਸਰਪ੍ਰਸਤ, ਸੁਸ਼ੀਲ ਦੁਸਾਂਝ, ਬਲਜੀਤ ਸਿੰਘ ਮਾਨੂੰਪੁਰੀ, ਬਾਲ ਸਾਹਿਤਕਾਰ ਮਹਿੰਦਰ ਸਿੰਘ ਮਾਨੂੰਪੁਰੀ, ਕਹਾਣੀਕਾਰ ਜਤਿੰਦਰ ਹਾਂਸ, ਨੇਤਰ ਮੁੱਤੋਂ, ਮੇਘ ਦਾਸ, ਸਨੇਹਇੰਦਰ ਮੀਲੂ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਸਵੈਚ, ਗੁਰਭਗਤ ਸਿੰਘ, ਸੰਤੋਖ ਸਿੰਘ ਕੋਟਾਲਾ, ਕਰਮਚੰਦ ਸਮਰਾਲਾ, ਮਾਸਟਰ ਦਲੀਪ ਸਿੰਘ, ਸੁਰਜੀਤ ਸਿੰਘ ਨੀਲੋਂ, ਨੌਬੀ ਸੋਹਲ, ਚਮਕੌਰ ਘਣਗਸ, ਹਰਜੀਤ ਤੇਜਾ ਸਿੰਘ, ਨਰਿੰਦਰ ਮਣਕੂ, ਲਖਵਿੰਦਰਪਾਲ ਸਿੰਘ ਖਾਲਸਾ, ਸੋਹਣਜੀਤ ਕੋਟਾਲਾ, ਐਡਵੋਕੇਟ ਗਗਨਦੀਪ ਸਮਰਾਲਾ ਵੀ ਸ਼ਾਮਲ ਹੋਏ। ਉਪਰੰਤ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਸ਼ਾਲ ਅਤੇ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਭਾ ਦੀ ਕਾਰਵਾਈ ਜਗਦੀਸ਼ ਨੀਲੋਂ ਅਤੇ ਦੀਪ ਦਿਲਬਰ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ।
Punjab Post Daily Online Newspaper & Print Media