Thursday, April 16, 2026

ਸਿੱਖਿਆ ਵਿਭਾਗ ਦੀਆਂ ਵਿਗਿਆਨ ਪ੍ਰਦਰਸ਼ਨੀਆਂ ਆਰੰਭ

ਹਰ ਪੱਧਰ ‘ਤੇ ਜੇਤੂਆਂ ਨੂੰ ਮਿਲਣਗੇ ਨਕਦ ਇਨਾਮ

ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਸਿੱਖਿਆ ਵਿਭਾਗ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ‘ਰਾਸ਼ਟਰੀ ਅਵਿਸ਼ਕਾਰ ਅਭਿਆਨ‘ ਤਹਿਤ 23 ਤੋਂ 28 ਨਵੰਬਰ ਤੱਕ ਵਿਗਿਆਨ ਪ੍ਰਦਰਸ਼ਨੀਆਂ ਦਾ ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ ਤੇ ਆਨਲਾਈਨ/ਆਫ਼ਲਾਈਨ ਆਯੋਜਨ ਕੀਤਾ ਜਾ ਰਿਹਾ ਹੈ।ਜਿਲ੍ਹਾ ਸਿੱਖਿਆ ਅਫਸਰ (ਸੈ.) ਵਰਿੰਦਰ ਪਰਾਸ਼ਰ ਨੇ ਉਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਦੇ ਵੱਖ-ਵੱਖ ਪੱਧਰਾਂ ‘ਤੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ।
               ਡੀ.ਈ.ਓ ਵਰਿੰਦਰ ਪਰਾਸਰ ਨੇ ਦੱਸਿਆ ਕਿ ਇਹ ਵਿਗਿਆਨ ਪ੍ਰਦਰਸ਼ਨੀ ਬਲਾਕ ਪੱਧਰ ਤੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 23 ਨਵੰਬਰ ਨੂੰ ਅਤੇ ਨੌਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ 24 ਨਵੰਬਰ ਨੂੰ ਕਰਵਾਈ ਜਾ ਰਹੀ ਹੈ।ਬਲਾਕ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 500 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।ਜ਼ਿਲ੍ਹਾ ਪੱਧਰ ‘ਤੇ ਇਹ ਪ੍ਰਦਰਸ਼ਨੀ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ 25 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 26 ਨਵੰਬਰ ਨੂੰ ਕਰਵਾਈ ਜਾ ਰਹੀ ਹੈ।ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ, ਦੂਸਰਾ ਸਥਾਨ ਹਾਸਲ ਕਰਨ ਵਾਲੇ ਨੂੰ 1500 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1000 ਰਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।ਰਾਜ ਪੱਧਰ ‘ਤੇ ਇਸ ਪ੍ਰਦਰਸ਼ਨੀ ਦਾ ਆਯੋਜਨ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 27 ਨਵੰਬਰ ਨੂੰ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ 28 ਨਵੰਬਰ ਨੂੰ ਕੀਤਾ ਜਾਵੇਗਾ।
                    ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 5100 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 3100 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।ਇਸ ਵਿਗਿਆਨ ਪ੍ਰਦਰਸ਼ਨੀ ਨੂੰ ਆਯੋਜਿਤ ਕਰਨ ਦਾ ਪ੍ਰਬੰਧਕੀ ਖਰਚਾ ਬਲਾਕ ਪੱਧਰ ‘ਤੇ ਪ੍ਰਤੀ ਬਲਾਕ 1000 ਰੁਪਏ, ਜ਼ਿਲ੍ਹੇ ਪੱਧਰ ‘ਤੇ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ 2900 ਰੁਪਏ ਅਤੇ ਸਟੇਟ ਪੱਧਰ ‘ਤੇ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ 12700 ਰੁਪਏ ਦੀ ਰਾਸ਼ੀ ਸਿੱਖਿਆ ਵਿਭਾਗ ਵਲੋਂ ਜਾਰੀ ਕਰ ਦਿੱਤੀ ਗਈ ਹੈ।
              ਡਿਪਟੀ ਡੀ.ਈ.ਓ (ਸੈ.) ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਸਕੂਲ ਪੱਧਰ ‘ਤੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਬੀ.ਐਮ. ਵਿਗਿਆਨ ਨੂੰ ਭੇਜਣਗੇ।ਬੀ.ਐਮ. ਵਿਗਿਆਨ ਅਤੇ ਜੱਜ ਸਾਰੀਆਂ ਵੀਡੀਓ ਨੂੰ ਦੇਖ ਕੇ ਬਲਾਕ ਪੱਧਰ ‘ਤੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ।ਬਲਾਕ ਪੱਧਰ ‘ਤੇ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਦੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਬੀ.ਐਮ. ਵਿਗਿਆਨ ਨੂੰ ਭੇਜਣਗੇ।ਡੀ.ਐਮ/ ਬੀ.ਐਮ ਵਿਗਿਆਨ ਅਤੇ ਜੱਜ ਸਾਰੀਆਂ ਵੀਡੀਓ ਨੂੰ ਦੇਖ ਕੇ ਜ਼ਿਲ੍ਹੇ ਵਿਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ।ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਮਾਡਲ ਤਿਆਰ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੇ ਅਧਿਆਪਕ ਰਾਹੀਂ ਸੰਬੰਧਿਤ ਡੀ.ਐਮ. ਵਿਗਿਆਨ ਨੂੰ ਭੇਜਣਗੇ। ਡੀ.ਐਮ ਵਿਗਿਆਨ ਅਤੇ ਜਜਮੈਂਟ ਟੀਮ ਸਾਰੀਆਂ ਵੀਡੀਓ ਨੂੰ ਦੇਖ ਕੇ ਸਟੇਟ ਵਿਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕੱਢਣਗੇ।ਸਾਰੇ ਮੁਕਾਬਲਿਆਂ ਵਿੱਚ ਲੋੜ ਪੈਣ ‘ਤੇ ਸੰਬੰਧਿਤ ਸਕੂਲ ਦੇ ਅਧਿਆਪਕ ਰਾਹੀਂ ਜ਼ੂਮ ਐਪ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
               ਇਸ ਮੌਕੇ ਡੀ.ਐਮ ਸਾਇੰਸ ਸੰਜੀਵ ਸਰਮਾ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …