ਬਰਸੀ ਮੌਕੇ ਕਾ. ਡਾਂਗ ਤੇ ਹੋਰ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਕਾਮਰੇਡ ਸਤਪਾਲ ਡਾਂਗ ਦੀ ਬਰਸੀ ਮੌਕੇ ਅੰਮ੍ਰਿਤਸਰ ਸ਼ਹਿਰ ਦੇ ਵਿਛੜੇ ਆਗੂਆਂ ਦਾ ਸ਼ਰਧਾਂਜਲੀ ਸਮਾਗਮ ਕੀਤਾ
ਗਿਆ।ਜਿਸ ਦੌਰਾਨ ਕਾ. ਸਤਪਾਲ ਸਿੰਘ ਡਾਂਗ ਦੇ ਜੀਵਨ ਨਾਲ ਸਬੰਧਿਤ ਕਿਤਾਬ ਰਲੀਜ਼ ਕੀਤੀ ਗਈ।ਇਹ ਕਿਤਾਬ ਕਾ. ਅਮਰਜੀਤ ਸਿੰਘ ਆਸਲ ਵੱਲੋਂ ਸੰਪਾਦਿਤ ਕੀਤੀ ਗਈ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਸਟੇਟ ਐਗਜੈਕਟਿਵ ਮੈਂਬਰ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਾਮਰੇਡ ਸਤਪਾਲ ਡਾਂਗ ਵਿਮਲਾ ਡਾਂਗ, ਕਾ. ਪ੍ਰਦੁਮਨ ਸਿੰਘ, ਕਾ. ਵੀਰ ਭਾਨ ਭੁੱਲਰ ਆਦਿ ਵਿਛੜੇ ਆਗੂਆਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ਉਪਰ ਇਹਨਾਂ ਆਗੂਆਂ ਨਾਲ ਵਿਚਰਣ ਦਾ ਮੌਕਾ ਮਿਲਿਆ ਹੈ।ਉਨਾਂ ਦਾ ਜੀਵਨ ਮਿਸਾਲੀ ਸੀ ਅਤੇ ਉਹ ਹਰ ਤਰ੍ਹਾਂ ਦੇ ਕਿੰਤੂ ਪ੍ਰੰਤੂ ਤੋਂ ਰਹਿਤ ਸਨ।ਉਹਨਾਂ ਕਿਹਾ ਕਿ ਅੱਜ ਫਿਰ ਲੋੜ ਹੈ ਕਿ ਇਹਨਾਂ ਆਗੂਆਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਦੱਬੇ-ਕੁੱਚਲੇ ਲੋਕਾਂ ਦੇ ਸੰਗਰਾਮ ਨੂੰ ਪ੍ਰਚੰਡ ਕੀਤਾ ਜਾਵੇ।ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਆਗੂ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁੁੁਰਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਕਿਸਾਨ ਅੰਦੋਲਨ ਦੀ ਸਫਲਤਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੀ ਵਿਛੜੇ ਆਗੂਆਂ ਨੂੰ ਸੱਚੀ ਸ਼ਰਧਾਂਜਲੀ ਹੈ।
ਕਾ. ਦਸਵਿੰਦਰ ਕੌਰ, ਕਾ. ਬਲਦੇਵ ਸਿੰਘ ਵੇਰਕਾ, ਕਾ. ਮੋਹਨ ਲਾਲ, ਕਾ. ਬ੍ਰਹਮਦੇਵ ਸ਼ਰਮਾ, ਕਾ. ਪਰਮਜੀਤ ਸਿੰਘ, ਕਾ. ਪਿਆਰਾ ਸਿੰਘ ਧਾਰੜ, ਕਾ. ਰਮੇਸ਼ ਯਾਦਵ, ਕਾ. ਗੁਰਭੇਜ ਸਿੰਘ, ਕਾ. ਮਹਾਂਵੀਰ ਸਿੰਘ ਪੱਟੀ ਆਦਿ ਆਗੂਆਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਸੇਵਾ ਕਾ. ਵਿਜੈ ਕੁਮਾਰ ਨੇ ਨਿਭਾਈ।
ਹਾਜ਼ਰ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿੱਚ ਕਿਤਾਬਾਂ ਖਰੀਦੀਆਂ ਗਈਆਂ।
Punjab Post Daily Online Newspaper & Print Media