ਨਵਾਂਸ਼ਹਿਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨੀ ਵਿਭਾਗ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇੇ ਵਿਚ ਪਲਾਂਟੇਸ਼ਨ ਦੀ ਸ਼ੁਰੂਆਤ ਕਰਦਿਆਂ ਪਿੰਡ ਗੁਣਾਚੌਰ ਵਿਖੇ ਐਨ.ਆਰ.ਆਈ ਅਤੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਦੇ ਫਾਰਮ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਫਲ਼ਾਂ ਦਾ ਬੂਟਾ ਲਗਾਇਆ।ਉਨ੍ਹਾਂ ਜ਼ਿਲ੍ਹੇ ਦੇ ਐਨ.ਆਰ ਆਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਬਾਗ ਲਗਵਾਉਣ, ਤਾਂ ਜੋ ਉਨ੍ਹਾਂ ਦੇ ਖੇਤ ਸੁਰੱਖਿਅਤ ਰਹਿ ਸਕਣ ਅਤੇ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋ ਸਕੇ।ਐਨ.ਆਰ.ਆਈ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਵੀ ਹਾਈਟੈਕ ਤਕਨੀਕ ਨਾਲ ਸਬਜ਼ੀਆਂ ਦੀ ਖੇਤੀ ਕਰਦੇ ਸਨ।ਉਨ੍ਹਾਂ ਦੱਸਿਆ ਕਿ ਹੁਣ ਆਪਣੀ ਮਿੱਟੀ ਨਾਲ ਜੁੜਨ, ਪਾਣੀ ਦੀ ਬੱਚਤ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬਾਗਬਾਨੀ ਵਿਭਾਗ ਦੀ ਯੋਗ ਅਗਵਾਈ ਹੇਠ ਉਹ 10 ਏਕੜ ਵਿਚ ਬਾਗ ਲਗਾ ਰਹੇ ਹਨ।ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਪਾਣੀ ਦੀ ਬੱਚਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਇਸ ਬਾਗ ਵਿਚ ਡਰਿੱਪ ਸਿਸਟਮ ਲਗਵਾਇਆ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਅਤੇ ਬਾਗਬਾਨੀ ਵਿਕਾਸ ਅਫ਼ਸਰ ਬੰਗਾ (ਬਾਹੜੋਵਾਲ)-ਕਮ-ਨੋਡਲ ਅਫ਼ਸਰ ਆਲੂ (ਪੰਜਾਬ) ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਜ਼ਿਲ੍ਹੇ ਦੇ ਬਾਗ ਲਗਾਉਣ ਵਾਲੇ ਜ਼ਿਮੀਂਦਾਰਾਂ ਨੂੰ ਉਪਦਾਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਬਾਗਾਂ, ਸਬਜ਼ੀਆਂ, ਖੁੰਬਾਂ, ਸ਼ਹਿਦ ਦੀਆਂ ਮੱਖੀਆਂ, ਬਾਗਬਾਨੀ ਮਸ਼ੀਨਰੀ, ਸੁਰੱਖਿਅਤ ਖੇਤੀ, ਵਰਮੀ ਕੰਪੋਸਟ ਆਦਿ ਦਾ ਧੰਦਾ ਕਰਨਾ ਚਾਹੁੰਦਾ ਹੈ, ਤਾਂ ਉਹ ਜ਼ਿਲ੍ਹੇ ਦੇ ਮੁੱਖ ਦਫ਼ਤਰ ਜਾਂ ਬਲਾਕ ਪੱਧਰ ’ਤੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਸਬ ਇੰਸਪੈਕਟਰ ਬਾਗਬਾਨੀ ਨਵਾਂਸ਼ਹਿਰ ਹਰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।
Check Also
ਅਜਨਾਲਾ ‘ਚ ਅਗਸਤ 2025 ਦੀ ਹੜ੍ਹ ਪੀੜਤਾਂ ਦੇ ਕਾਨੂੰਨੀ ਵਾਰਸਾਂ ਨੂੰ ਮੁਆਵਜ਼ਾ ਜਾਰੀ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ) – ਅਗਸਤ 2025 ਵਿੱਚ ਅਜਨਾਲਾ ਇਲਾਕੇ ਦੀ ਦਰਿਆਈ ਪੱਟੀ ਵਿੱਚ …
Punjab Post Daily Online Newspaper & Print Media