ਗਿਆਨੀ ਇਕਬਾਲ ਸਿੰਘ ਦਿਮਾਗੀ ਤਵਾਜਨ ਗੁਆ ਚੁੱਕੇ ਹਨ – ਪ੍ਰਬੰਧਕੀ ਕਮੇਟੀ
ਅੰਮ੍ਰਿਤਸਰ, 15 ਮਾਰਚ (ਨਰਿੰਦਰਪਾਲ ਸਿੰਘ)- ਤਖਤ ਸ੍ਰੀ ਪਟਨਾ ਸਾਹਿਬ ਦੇ ਵਿਵਾਦ ਨੂੰ ਨਵਾਂ ਮੋੜ ਦਿਦਿੰਆਂ ਤਖਤ ਸਾਹਿਬ ਦੇ ਮੁਅੱਤਲ ਸ਼ੁਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਸ੍ਰ. ਮਹਾਰਾਜ ਸਿੰਘ, ਚਰਨਜੀਤ ਸਿੰਘ, ਧਰਮ ਪ੍ਰਚਾਰ ਦੇ ਚੇਅਰਮੈਨ ਸ੍ਰ. ਭੁਪਿੰਦਰ ਸਿੰਘ ਸਾਧੂ, ਹਰਵਿੰਦਰ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸੀਨੀਅਰ ਮੀਤ ਪ੍ਰਧਾਨ ਸ੍ਰ. ਭਜਨ ਸਿੰਘ ਵਾਲੀਆ ਨੂੰ ਤਨਖਾਹੀਆ ਕਰਾਰ ਦੇ ਦਿੱਤਾ । ਟੈਲੀਫੂਨ ਤੇ ਗਲਬਾਤ ਕਰਦਿਆਂ ਸ੍ਰ. ਭੁਪਿੰਦਰ ਸਿੰਘ ਸਾਧੂ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਇਹ ਕਾਰਵਾਈ ਉਸ ਵੇਲੇ ਅੰਜ਼ਾਮ ਦਿੱਤੀ ਹੈ ਜਦੋਂ ਗਿਆਨੀ ਇਕਬਾਲ ਸਿੰਘ ਦੁਆਰਾ 7 ਜਨਵਰੀ ਨੂੰ ਪ੍ਰਬੰਦਕੀ ਕਮੇਟੀ ਖਿਲਾਫ ਪੁਲਿਸ ਪਾਸ ਦਿੱਤੀ ਸ਼ਿਕਾਇਤ ਦੇ ਮਾਮਲੇ ਵਿਚ ਮਾਨਯੋਗ ਪਟਨਾ ਹਾਈਕੋਰਟ ਨੇ ਪ੍ਰਬੰਧਕੀ ਕਮੇਟੀ ਮੈਂਬਰਾਨ ਦੀ ਜਮਾਨਤ ਅਰਜੀ ਪ੍ਰਵਾਨ ਕਰ ਲਈ ਹੈ ।ਸ੍ਰ. ਸਾਧੂ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਪੂਰੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਕਮੇਟੀ ਨੇ 7 ਜਨਵਰੀ ਦੀ ਘਟਨਾ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਦੁਆਰਾ ਭੇਜੀ ਜਾਂਚ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਗਿਆਨੀ ਇਕਬਾਲ ਸਿੰਘ ਨੇ ਪਹਿਲਾਂ ਤਾਂ ਜਾਂਚ ਕਮੇਟੀ ਦੁਆਰਾ ਕਰਵਾਏ ਫੈਸਲੇ ਨੂੰ ਮੰਨ ਲਿਆ ਸੀ ਲੇਕਿਨ ਬਾਅਦ ਵਿਚ ਮੁਕਰ ਗਏ । ਸ੍ਰ. ਸਾਧੂ ਨੇ ਦੱਸਿਆ ਕਿ ਜਦ ਗਿਆਨੀ ਇਕਬਾਲ ਸਿੰਘ ਕੀਤੇ ਵਾਅਦੇ ਤੋਂ ਮੁਕਰ ਗਏ ਤਾਂ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਦਕੀ ਕਮੇਟੀ ਨੇ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗਿਆਨੀ ਇਕਬਾਲ ਸਿੰਘ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਸੀ ।ਸ੍ਰ ਸਾਧੂ ਨੇ ਕਿਹਾ ਕਿ ਇਕ ਮੁਅਤਲ ਸ਼ੁਦਾ ਹੈੱਡ ਗ੍ਰੰਥੀ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਪ੍ਰਬੰਧਕੀ ਕਮੇਟੀ ਨੂੰ ਤਨਖਾਹੀਆ ਕਰਾਰ ਦੇਵੇ । ਇਕ ਸਵਾਲ ਦੇ ਜਵਾਬ ਵਿਚ ਸ੍ਰ ਸਾਧੂ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੇ ਭੇਜਿਆਂ ਹੀ ਪ੍ਰਬੰਧਕੀ ਕਮੇਟੀ ਅਦਾਲਤ ਪਾਸ ਗਈ ਹੈ, ਗਿਆਨੀ ਇਕਬਾਲ ਸਿੰਘ ਨੇ ਸਿੱਖ ਪ੍ਰੰਪਰਾਵਾਂ ਵਿਚ ਅਵਿਸ਼ਵਾਸ਼ ਪ੍ਰਗਟ ਕਰਦਿਆਂ ਪਹਿਲਾਂ ਪੁਲਿਸ ਥਾਣੇ ਦਾ ਸਹਾਰਾ ਲਿਆ ਹੈ ਤੇ ਗਿਆਨੀ ਇਕਬਾਲ ਸਿੰਘ ਨੂੰ ਇਕੋ ਸਮੇਂ ਦੋ ਰਾਹ ਅਖਤਿਆਰ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀ ਹੈ ।ਪ੍ਰਬੰਧਕੀ ਕਮੇਟੀ ਮੈਂਬਰਾਨ ਨੂੰ ਤਨਖਾਹੀਆ ਕਰਾਰ ਦੇਣ ਬਾਰੇ ਉਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਪੂਰੀ ਤਰ੍ਹਾਂ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ।