Wednesday, July 22, 2026

ਖ਼ਾਲਸਾ ਕਾਲਜ ਪੁੱਜੀ ਸਾਬਕਾ ਵਿਦਿਆਰਥਣ ਤੇ ਫ਼ੌਜ ’ਚ ਲੈਫਟੀਨੈਂਟ ਕਰਨਲ ਜਸਮੀਤ ਚੌਹਾਨ

ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤਾ ਸਵਾਗਤ

ਅੰਮ੍ਰਿਤਸਰ, 6 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਸਾਬਕਾ ਵਿਦਿਆਰਥਣ ਅਤੇ ਭਾਰਤੀ ਫ਼ੌਜ ਦੀ ਸ਼ਾਰਪ ਸ਼ੂਟਰ ਰਹੀ ਦੇਸ਼ ਦੀ ਪਹਿਲੀ ਮਹਿਲਾ ਫੌਜੀ ਅਫ਼ਸਰ ਤੇ ਹਾਲ ਹੀ ’ਚ 35 ਸਾਲ ਤੋਂ ਲੈ ਕੇ 50 ਸਾਲ ਤੱਕ ਉਮਰ ਵਰਗ ਦੀਆਂ ਮਹਿਲਾਵਾਂ ਦੇ ਗੁੜਗਾਉਂ (ਗੁਰੂਗ੍ਰਾਮ) ਹਰਿਆਣਾ ਵਿਖੇ ਆਯੋਜਿਤ ਮਿਸਿਜ਼ ਇੰਡੀਆ 2021 ਦੌਰਾਨ 100 ਦੇ ਕਰੀਬ ਖੂਬਸੂਰਤ ਮਹਿਲਾ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਸੈਂਟਰਲ ਗੋਲਡ ਚੁਣੀ ਗਈ ਅੰਮ੍ਰਿਤਸਰ ਵਾਸੀ ਕੈਪਟਨ (ਰਿਟਾ.) ਜਸਮੀਤ ਚੌਹਾਨ ਨੇ ਕਾਲਜ ਦਾ ਦੌਰਾ ਕੀਤਾ।ਕੈਪਟਨ ਚੌਹਾਨ ਜੋ ਕਿ ਵਿਸ਼ਵ ਪੱਧਰੀ ਖਿਤਾਬ ਹਾਸਲ ਕਰ ਚੁੱਕੀ ਹੈ ਨੇ ਕਾਲਜ ’ਚ ਸਾਲ 2001 ’ਚ ਗਰੈਜ਼ੂਏਸ਼ਨ ਦੀ ਵਿੱਦਿਆ ਹਾਸਲ ਕੀਤੀ।
               ਕੈਪਟਨ ਚੌਹਾਨ ਦਾ ਕਾਲਜ ਦੇ ਵਿਹੜੇ ਪੁੱਜਣ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਜਸਮੀਤ ਜੋ ਕਿ ਅਜਕਲ ਕ੍ਰਾਈਮ ਇਨਵੈਸਟੀਗੇਸ਼ਨ ਬਿਓਰੋ (ਐਨ.ਜੀ.ਓ) ਦੇ ਪੰਜਾਬ ਸਟੇਟ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁੱਦੇ ’ਤੇ ਤੈਨਾਤ ਹਨ ਨੇ ਬਤੌਰ ਐਨ.ਸੀ.ਸੀ ਕੈਡਿਟ ਵਿੱਚਰਦਿਆਂ ਸੰਨ 2005 ’ਚ ਭਾਰਤੀ ਫ਼ੌਜ ਦੇ ਕਮਿਸ਼ਨ ਰਾਹੀਂ ਇਲੈਕਟ੍ਰੀਕਲ ਮਕੈਨੀਕਲ ਇੰਜਨੀਅਰਿੰਗ ਵਿੰਗ ’ਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋ ਕੇ 6 ਸਾਲ ਤੱਕ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦੇਣ ਦੇ ਨਾਲ ਨਾਲ ਦੇਸ਼ ਦੀ ਪਹਿਲੀ ਸ਼ਾਰਪ ਸ਼ੂਟਰ ਹੋਣ ਦਾ ਸਬੂਤ ਦਿੱਤਾ।
ਉਨ੍ਹਾਂ ਕਿਹਾ ਕਿ ਹੁਣ ਕੈਪਟਨ (ਰਿਟਾ.) ਜਸਮੀਤ ਚੌਹਾਨ ਅਗਲੇ ਵਰ੍ਹੇ ਸੰਨ 2022 ਦੇ ਵਿੱਚ ਹੋਣ ਵਾਲੀ ਵਿਸ਼ਵ ਸੁੰਦਰੀ ਪ੍ਰਤੀਯੋਗਤਾ ’ਚ ਹਿੱਸਾ ਲੈਣਗੇ।ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਵਿਸ਼ਵ ਪੱਧਰੀ ਚੈਂਪੀਅਨ ਖਿਤਾਬ ਉਨ੍ਹਾਂ ਦੇ ਨਾਮ ਹੀ ਹੋਵੇਗਾ ਜਿਸ ਲਈ ਉਹ ਕਾਲਜ ਦਾ ਨਾਮ ਰੁਸ਼ਨਾਉਣ ਲਈ ਦਿਨ ਰਾਤ ਸਖਤ ਅਭਿਆਸ ਕਰ ਰਹੇ ਹਨ।ਪਿਤਾ ਲਖਬੀਰ ਸਿੰਘ ਤੇ ਮਾਂ ਹਰਪ੍ਰੀਤ ਕੌਰ ਦੀ ਇਸ ਲਾਡਲੀ ਧੀ ਦਾ ਬਚਪਨ ਗੁਰੂ ਦੀ ਪਾਕ ਪਵਿੱਤਰ ਨਗਰੀ ’ਚ ਹੀ ਬੀਤਿਆ ਤੇ ਮੁੱਢਲੀ ਵਿੱਦਿਆ ਵੀ ਇਥੋਂ ਹੀ ਹਾਸਲ ਕੀਤੀ।
                  ਕੈਪਟਨ ਚੌਹਾਨ ਨੇ ਆਪਣੀ ਜ਼ਿੰਦਗੀ ਦੀਆਂ ਉਪਲੱਬਧੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸੰਨ 2011 ’ਚ ਆਈ.ਆਈ.ਐਮ ਇੰਦੌਰ ਵਿੱਚ ਚੰਗੇ ਅਹੁੱਦੇ ’ਤੇ ਤੈਨਾਤ ਹੋਈ ਤੇ ਫਿਰ ਸੰਨ 2012 ਵਿੱਚ ਰਾਜਸਥਾਨ ਵਿਖੇ ਇਕ ਬਹੁਰਾਸ਼ਟਰੀ ਕੰਪਨੀ ਦੀ ਮੁੱਖੀ ਵਜੋਂ ਕੰਪਨੀ ਦੀ ਕਾਰਜਸ਼ੈਲੀ ਨੂੰ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਯਤਨ ਕੀਤਾ।ਸੰਨ 2014 ਵਿੱਚ ਆਰਮੀ ਵਾਈਵਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਨਾਲ ਜੁੜ ਕੇ ਜਵਾਨਾਂ ਦੇ ਪਰਿਵਾਰਾਂ ਦੀ ਹਰੇਕ ਸੰਭਵ ਸਹਾਇਤਾ ਕਰਨ ਦਾ ਬੀੜਾ ਚੁੱਕਦਿਆਂ ਆਰਥਿਕ ਪੱਖੋਂ ਬੇਰੁਜ਼ਗਾਰ ਨੌਜਵਾਨਾਂ ਖ਼ਾਸ ਕਰ ਔਰਤਾਂ ਨੂੰ ਆਨਲਾਈਨ/ਆਫਲਾਈਨ ਮੁਫ਼ਤ ਕੌਂਸਲਿੰਗ ’ਤੇ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ।
                 ਕੈਪਟਨ ਚੌਹਾਨ ਨੇ ਧੀਆਂ ਨੂੰ ਕੁੱਝ ਬਣਨ ਤੇ ਕਰ ਦਿਖਾਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜੋ ਦਿਲ ਕਰਦਾ ਹੈ, ਉਹ ਕਰੋ ਜ਼ਿੰਦਗੀ ਇਕ ਵਾਰ ਮਿਲਦੀ ਹੈ ਬਾਰ ਬਾਰ ਨਹੀਂ।ਪਰ ਮਾਪਿਆਂ ਦੇ ਮਾਨ ਸਨਮਾਨ ਅਤੇ ਆਪਣੇ ਚਰਿੱਤਰ ਨੰ ਉੱਚਾ ਸੁੱਚਾ ਤੇ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ।ਉਨ੍ਹਾਂ ਆਸ ਜਤਾਈ ਕਿ ਸੰਨ 2022 ’ਚ ਹੋਣ ਵਾਲੀ ਵਿਸ਼ਵ ਸੁੰਦਰੀ ਪ੍ਰਤੀਯੋਗਤਾ ਦਾ ਚੈਂਪੀਅਨ ਤਾਜ ਮੁੜ ਉਨ੍ਹਾਂ ਦੇ ਸਿਰ ਹੀ ਸੱਜੇਗਾ।
                 ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕੈਪਟਨ ਚੌਹਾਨ ਨੂੰ ਕਾਲਜ ਦੀ ਤਸਵੀਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …