ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਦੌਰਾਨ 7 ਰਾਜ ਪੱਧਰੀ ਸਮਾਗਮ ਕਰਵਾਏ ਜਾਣਗੇ- ਸਹਾਇਕ ਡਾਇਰੈਕਟਰ
ਕਪੂਰਥਲਾ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਸ਼ਾ ਵਿਭਾਗ, ਪੰਜਾਬ ਅਤੇ ਸਿਰਜਣਾ ਕੇਂਦਰ ਦੇ ਆਪਸੀ ਸਹਿਯੋਗ ਨਾਲ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਵਿਚ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਤ ਕਰਨ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿਚ ਪੰਜਾਬ ਦੀ ਸਿਰਮੌਰ ਸਾਹਿਤ ਸਭਾ ਸਿਰਜਣਾ ਕੇਂਦਰ ਕਪੂਰਥਲਾ ਅਤੇ ਪੰਜਾਬ ਭਵਨ, ਕੈਨੇਡਾ ਵਲੋਂ ਪੁਸਤਕ ਰੀਲੀਜ਼ ਅਤੇ ਲੇਖਕਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਸੁੱਖੀ ਬਾਠ ਪੰਜਾਬੀ ਭਵਨ ਕਨੇਡਾ, ਪ੍ਰਿਤਪਾਲ ਕੌਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾਕਟਰ ਲਖਵਿੰਦਰ ਜੌਹਲ, ਡਾਕਟਰ ਆਸਾ ਸਿੰਘ ਘੁੰਮਣ, ਸੁਰਿੰਦਰ ਸਿੰਘ ਸੁੰਨੜ ਬਲਵੀਰ ਸਿੰਘ ਸਿੱਧੂ ਜਿਲ੍ਹਾ ਭਾਸ਼ਾ ਦਫਤਰ ਦੇ ਅਧਿਕਾਰੀ ਅਤੇ ਪ੍ਰੋਮਿਲਾ ਅਰੋੜਾ ਨੇ ਸ਼ੋਭਾ ਵਧਾਈ।ਡਾਕਟਰ ਆਸਾ ਸਿੰਘ ਘੁੰਮਣ ਨੇ ਬਤੌਰ ਪ੍ਰਧਾਨ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਅਤੇ ਲੇਖਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਪੰਜਾਬ ਭਵਨ ਕਨੇਡਾ ਨਾਲ ਪਾਈ ਸਾਂਝੀ ਦੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਜਣਾ ਕੇਂਦਰ ਦੇ ਬਾਨੀ ਮਰਹੂਮ ਕੰਵਰ ਇਮਤਿਆਜ਼ ਦੇ ਖਰੜਿਆਂ ਨੂੰ ਕਿਤਾਬੀ ਰੂਪ ਦੇਣ ਲਈ ਪੰਜਾਬ ਭਵਨ ਕਨੇਡਾ ਨੇ “ਬੋਲ ਸੂਰਜਾਂ ਬੋਲ” ਕਿਤਾਬ ਪ੍ਰਕਾਸ਼ਿਤ ਕਰਕੇ ਸਾਹਿਤ ਦੀ ਝੋਲੀ ਵਿਚ ਪਾਇਆ ਹੈ ।
ਸ਼੍ਰੀਮਤੀ ਪ੍ਰਿਤਪਾਲ ਕੌਰ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵੱਲੋਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਇਸ ਵਰ੍ਹੇ ਪੰਜਾਬੀ ਮਾਹ ਦੌਰਾਨ ਸੱਤ ਰਾਜ ਪੱਧਰੀ ਸਮਾਗਮਾਂ ਤੋਂ ਇਲਾਵਾਂ ਜ਼ਿਲ੍ਹਾ ਪੱਧਰੀ ਸਮਾਗਮ ਵੀ ਕਰਵਾ ਰਿਹਾ ਹੈ।ਪ੍ਰਧਾਨਗੀ ਮੰਡਲ ਨੇ ਜਿਥੇ ਕੰਵਰ ਇਮਿਤਿਆਜ ਦੀ ਕਿਤਾਬ “ਬੋਲ ਸੂਰਜਾ ਬੋਲ” ਰੀਲੀਜ਼ ਕੀਤੀ ਗਈ ਉਥੇ ਡਾਕਟਰ ਆਸਾ ਸਿੰਘ ਘੁੰਮਣ ਦੀ ਲੱਖੀ ਲੁਬਾਣਾ ਮੱਖਣ ਸ਼ਾਹ ਵਣਜਾਰਾ, ਲਹਿੰਦੇ ਪੰਜਾਬ ਦੇ ਸ਼ਾਇਰਾਂ ਦਾ ਨੂਰ ਮੁਹੰਮਦ ਨੂਰ ਵਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ “ਗ਼ਜ਼ਲ ਗੁਲਜ਼ਾਰ ਵਾਘਿਓ ਪਾਰ” ਬਲਬੀਰ ਸਿੰਘ ਕਲ੍ਹਰ ਦੀ “ਨਵੇਂ ਸੂਰਜ ਦੀ ਲੋਅ”, ਹਰਦੇਵ ਲੱਖਣ ਕਲਾਂ ਦਾ ਕਾਵਿ-ਸੰਗ੍ਰਹਿ “ਤੜਫ਼ ਤੜਫ਼ ਕੇ ਜੀਣਾ”, ਪ੍ਰਗਟ ਸਿੰਘ ਰੰਧਾਵਾ ਦੀ ਪੁਸਤਕ “ਡੰਡੀ ਤੋਂ ਹਾਈਵੇ” ਅਤੇ ਮਹਿੰਦਰ ਸਿੰਘ ਨੂਰਪੁਰੀ ਦਾ ਕਾਵਿ-ਸੰਗ੍ਰਹਿ “ਮਨ ਦੀ ਮਮਟੀ” ਰਲੀਜ਼ ਕੀਤੀਆਂ ਗਈਆਂ।ਇਨ੍ਹਾਂ ਕਿਤਾਬਾਂ ਬਾਰੇ ਡਾਕਟਰ ਆਸਾ ਸਿੰਘ ਘੁੰਮਣ, ਡਾਕਟਰ ਅਨੁਰਾਗ ਸ਼ਰਮਾ, ਡਾਕਟਰ ਰਾਮ ਮੂਰਤੀ ਘਈ, ਰੌਸ਼ਨ ਖੈੜਾ, ਕੰਵਰ ਇਕਬਾਲ ਅਤੇ ਸ਼ਹਿਬਾਜ਼ ਖ਼ਾਨ ਆਦਿ ਨੇ ਜਾਣ ਪਛਾਣ ਵੀ ਕਰਵਾਈ ।
ਕੌਮਾਂਤਰੀ ਵੈਟਰਨ ਐਥਲੀਟ ਬਹਾਦਰ ਸਿੰਘ ਬੱਲ ਅਤੇ ਡੇਢ ਸੌ ਤੋਂ ਵੀ ਵੱਧ ਕਿਤਾਬਾਂ ਦੇ ਲੇਖਕ ਬਲਬੀਰ ਸੰਧਾ ਦਾ ਸਿਰਜਣਾ ਕੇਂਦਰ ਵਲੋਂ ਜਿਥੇ ਸਨਮਾਨ ਕੀਤਾ ਗਿਆ, ਉਥੇ ਪੰਜਾਬ ਭਵਨ ਕਨੇਡਾ ਵਲੋਂ ਨਵੀਆਂ ਰਲੀਜ਼ ਹੋਈਆਂ ਕਿਤਾਬਾਂ ਦੇ ਲੇਖਕਾਂ ਤੋਂ ਬਿਨਾਂ ਪਿਛਲੇ ਦੋ ਸਾਲਾਂ ਚ ਵੀ ਸਿਰਜਣਾ ਕੇਂਦਰਾਂ ਦੇ ਲੇਖਕਾਂ ਚ ਡਾਕਟਰ ਸਰਦੂਲ ਔਜਲਾ, ਡਾਕਟਰ ਸੁਖਪਾਲ ਥਿੰਦ, ਡਾਕਟਰ ਪਰਮਜੀਤ ਸਿੰਘ ਮਾਨਸਾ, ਸੁਰਿੰਦਰ ਮਕਸੂਦਪੁਰੀ, ਚੰਨਮੋਮੀ, ਕੰਵਰ ਇਕਬਾਲ, ਡਾਕਟਰ ਹਰਭਜਨ ਸਿੰਘ, ਕੇਵਲ ਰੱਤੜਾ, ਸੁਰਜੀਤ ਸਾਜਨ, ਮਨਜਿੰਦਰ ਕਮਲ, ਰਜਨੀ ਵਾਲੀਆ, ਡਾਕਟਰ ਭੁਪਿੰਦਰ ਕੌਰ, ਆਦਿਲ ਦਿਆਲਪੁਰੀ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ ।
ਸਿਰਜਣਾ ਕੇਂਦਰ ਦੇ ਪ੍ਰੈਸ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸੁੱਖੀ ਬਾਠ ਪੰਜਾਬ ਭਵਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਤਾਂ ਕਨੇਡਾ ਰੁਜ਼ਗਾਰ ਲਈ ਹੀ ਗਏ ਸਨ ਅਤੇ ਸੰਘਰਸ਼ ਦਾਸਤਾਨ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਨੇਡਾ ਚ ਜਦੋਂ ਉਹ ਕਾਰਾਂ ਦੀ ਫਰਮ ਚ ਇੰਟਰਵਿਊ ਦੇਣ ਗਏ ਤਾਂ ਗੋਰੇ ਮਾਲਕ ਨੇ ਪੁੱਛਿਆ ਕਿ ਤੁਹਾਨੂੰ ਅੰਗਰੇਜ਼ੀ ਤਾਂ ਸੋਹਣੀ ਆਉਂਦੀ ਹੈ, ਕੀ ਪੰਜਾਬੀ ਵੀ ਆਉਂਦੀ ਹੈ? ਤਾਂ ਮੈਂ ਉਸ ਨੂੰ ਜਵਾਬ ਦਿੱਤਾ ਕਿ ਪੰਜਾਬੀ ਤਾਂ ਮੇਰੀ ਮਾਂ ਬੋਲੀ ਹੈ।ਪੰਜਾਬੀ ਉਸ ਨੇ ਤਾਂ ਪੁੱਛੀ ਸੀ ਕਿ ਉਸ ਦੀ ਫਰਮ ‘ਚ ਬਹੁਤੇ ਕਾਮੇ ਪੰਜਾਬੀ ਹੋਣ ਕਰਕੇ ਮੇਰੀ ਲੋੜ ਸੀ ਅਤੇ ਇਹੀ ਸੋਚਦਾ ਹਾਂ ਕਿ ਵਿਦੇਸ਼ ‘ਚ ਜਾ ਕੇ ਵੀ ਮੇਰੀ ਰੋਟੀ ਰੋਜ਼ੀ ਦਾ ਵਸੀਲਾ ਮੇਰੀ ਮਾਂ ਬੋਲੀ ਹੀ ਰਹੀ ਅਤੇ ਮਾਂ ਬੋਲੀ ਦਾ ਹੀ ਰਿਣ ਉਤਾਰਨ ਖਾਤਰ ਹੀ ਪੁਰੇ ਸੰਸਾਰ ਦੇ ਪੰਜਾਬੀਆਂ ਨੂੰ ਕਲਾਵੇ ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ।ਸੁੱਖੀ ਬਾਠ ਨੇ ਪੰਜਾਬ ਭਵਨ ਕਨੇਡਾ ਚ ਕੰਵਰ ਇਮਤਿਆਜ਼ ਦੀ ਤਸਵੀਰ ਲਗਾਉਣ ਦਾ ਵੀ ਐਲਾਨ ਕੀਤਾ।
ਡਾਕਟਰ ਲਖਵਿੰਦਰ ਜੌਹਲ ਨੇ ਕੰਵਰ ਇਮਤਿਆਜ਼ ਨਾਲ ਆਪਣੇ ਪਾਕਿ ਰਿਸ਼ਤੇ ਦੀ ਵਿਆਖਿਆ ਕਰਦਿਆਂ ਕਿਹਾ ਕਿ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਮੁਕਾਮ ਹਾਸਿਲ ਕਰਨ ਤੱਕ ਇਕ ਦੂਜੇ ਦੇ ਸਾਹਾਂ ਚ ਵੱਸਦੇ ਰਹੇ।ਉਨਾਂ ਕਿਹਾ ਕਿ ਸਿਰਜਣਾ ਕੇਂਦਰ ਨਾਲ ਵੀ ਮੇਰਾ ਰਿਸ਼ਤਾ ਕੰਵਰ ਇਮਤਿਆਜ਼ ਕਰਕੇ ਹੀ ਬਣਿਆ ਸੀ, ਜੋਂ ਅੱਜ ਤੱਕ ਵੀ ਮਾਨ ਸਨਮਾਨ ਬਰਕਰਾਰ ਹੈ।
ਇਸ ਮੌਕੇ ਡਾਕਟਰ ਸੁਰਿੰਦਰ ਪਾਲ ਆਤਮੋ, ਪ੍ਰਿੰਸੀਪਲ ਜਸਬੀਰ ਸਿੰਘ, ਪ੍ਰਿੰਸੀਪਲ ਬਵਿੰਦਰ ਸਿੰਘ ਬਿੱਟੂ, ਲੈਕਚਰਾਰ ਨਰੇਸ਼ ਸਾਂਵਲ, ਜਸਬੀਰ ਨਾਹਰ, ਤੇਜਬੀਰ ਸਿੰਘ, ਰਾਣਾ ਸੈਦੋਵਾਲੀਆ, ਰਤਨ ਸਿੰਘ ਸੰਧੂ, ਬਲਵੰਤ ਸਿੰਘ ਬੱਲ, ਰੂਪ ਦਬੁਰਜੀ, ਦੀਸ਼ ਦਬੁਰਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਲੇਖਕ ਅਤੇ ਵਿਦਵਾਨ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …