1200 ਕਰੋੜ ਦੀ ਕਰਜ਼ਾ ਮੁਆਫੀ ਊਠ ਦੇ ਮੂੰਹ ‘ਚ ਜ਼ੀਰਾ, ਰੇਲਵੇ ਟਰੈਕ ‘ਤੇ ਟਰੈਕਟਰ ਚੜ੍ਹਾ ਕੇ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਪਿਛਲੇ 5 ਦਿਨਾਂ ਤੋਂ ਕਿਸਾਨੀ ਮੰਗਾਂ ਲਈ ਪੰਜਾਬ ਦੇ ਰੇਲਵੇ ਟਰੈਕਾਂ ‘ਤੇ ਡਟੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵਲੋਂ ਅੱਜ
ਦੇਵੀਦਾਸ ਪੁਰ ਰੇਲ ਟਰੈਕ ਅੰਮ੍ਰਿਤਸਰ ‘ਤੇੇ ਟਰੈਕਟਰ ਚੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਉਨਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਸਮੁੱਚਾ ਕਰਜ਼ਾ ਮੁਆਫੀ ਦੀ ਮੰਗ ਕੀਤੀ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਰੋਲਣ ਲਈ ਚੋਣਾਂ ਤੋਂ ਪਹਿਲਾਂ ਬੰਬ ਧਮਾਕੇ ਅਤੇ ਬੇਅਦਬੀ ਵਰਗੀਆਂ ਘਟਨਾਵਾਂ ਕਰਵਾ ਰਹੀਆਂ ਹਨ।ਸਰਕਾਰ ਵਲੋਂ ਅੰਨਦਾਤੇ ਨੂੰ ਰੇਲ ਲਾਈਨਾਂ ਉਤੇ ਰੁਲਣ ਲਈ ਛੱਡ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਮੁਸਫਰਾਂ ਦੀ ਹੋ ਰਹੀ ਖੱਜ਼ਲ ਖ਼ੁਆਰੀ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ।ਪਰ ਸਰਕਾਰ ਆਪਣੀ ਨਾਕਾਮੀ ਦਾ ਠੀਕਰਾ ਕਿਸਾਨਾਂ ਮਜ਼ਦੂਰਾਂ ਸਿਰ ਭੰਨ ਰਹੀ ਹੈ।ਆਗੂਆਂ ਨੇ ਹੋਰ ਕਿਹਾ ਕਿ ਚੰਨੀ ਸਰਕਾਰ ਵਲੋਂ ਫਿਰ ਤੋਂ ਸਿਰਫ ਭਰੋਸਿਆਂ ਦੀ ਝੜੀ ਲਗਾਈ ਗਈ ਹੈ, ਜਦਕਿ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਗਈ।ਉਨਾਂ ਕਿਹਾ ਕਿ ਪੰਜਾਬ ਤੇ ਦਿੱਲੀ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਨੂੰ ਅਜੇ ਤੱਕ ਨਾਂ ਤਾਂ ਕੋਈ ਮੁਆਵਜ਼ਾ ਮਿਲਿਆ ਹੈ ਤੇ ਨਾਂ ਹੀ ਨੌਕਰੀ।
ਇਸ ਮੌਕੇ ਗੁਰਲਾਲ ਸਿੰਘ ਮਾਨ, ਸਕੱਤਰ ਸਿੰਘ ਕੋਟਲਾ, ਬਲਦੇਵ ਸਿੰਘ ਬੱਗਾ, ਡਾ. ਕੰਵਰ ਦਲੀਪ ਸਿੰਘ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media