ਡਾ. ਤੇਜਵੰਤ ਸਿੰਘ ਕੰਗ ਤੇ ਉਨ੍ਹਾਂ ਦੀ ਖੋਜ ਟੀਮ `ਤੇ ਸੱਜਿਆ ਸਿਹਰਾ
ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੋਜ਼ ਦੇ ਖੇਤਰ ਵਿੱਚ ਇਕ ਨਵਾਂ ਮਾਅਰਕਾ ਮਾਰਦਿਆਂ ਵਿਸ਼ਵ ਪੱਧਰ ਦੀ ਉਸ
ਸਮੱਸਿਆ ਦਾ ਹੱਲ ਲੱਭ ਲਿਆ ਹੈ।ਜਿਸ ਵਿਚ ਪਲਾਸਟਿਕ ਦੇ ਕਾਰਨ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯੂਨੀਵਰਸਿਟੀ ਦੀ ਇਸ ਨਵੀਂ ਖੋਜ਼ ਨਾਲ ਹੁਣ ਪਲਾਸਟਿਕ ਨੂੰ ਸਿਰਫ ਗਾਲਣਾ ਹੀ ਸੌਖਾ ਨਹੀਂ ਹੋਵੇਗਾ, ਸਗੋਂ ਉਸ ਦੀ ਮੁੜ ਵਰਤੋਂ ਕੀਤੀ ਜਾਣੀ ਵੀ ਅੱਗੇ ਨਾਲੋਂ ਸੁਖਾਲੀ ਹੋ ਜਾਵੇਗੀ।ਯੂਨੀਵਰਸਿਟੀ ਦੀ ਇਹ ਨਵੀਂ ਖੋਜ ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਖੋਜ਼ ਟੀਮ ਦੇ ਨਾਂ ਹੇਠ ਰਾਇਲ ਸੋਸਾਇਟੀ ਆਫ ਕੈਮਿਸਟਰੀ, ਲੰਡਨ ਦੇ ਵਿਸ਼ਵ ਪੱਧਰੀ ਖੋਜ ਜਰਨਲ `ਗਰੀਨ ਕੈਮਿਸਟਰੀ` ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ ਜਿਸ ਦੀ ਵਿਸ਼ਵ ਪੱਧਰ `ਤੇ ਚਰਚਾ ਹੋ ਰਹੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਇਸ ਦੇ ਲਈ ਉਚੇਚੇ ਤੌਰ `ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਖੋਜ ਨਾਲ ਵਿਸ਼ਵ ਪੱਧਰ `ਤੇ ਯੂਨੀਵਰਸਿਟੀ ਦਾ ਨਾਂ ਉਚਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਖੋਜ ਤੋਂ ਪਹਿਲ਼ਾਂ ਵਿਸ਼ਵ ਪੱਧਰ `ਤੇ ਜੋ ਪਲਾਸਟਿਕ ਨੂੰ ਗਾਲਣ ਦੇ ਲਈ ਪ੍ਰਣਾਲੀ ਵਰਤੀ ਜਾਂਦੀ ਸੀ ਉਸ ਵਿਚ ਉਚ ਤਾਪਮਾਨ ਦੀ ਲੋੜ ਪੈਂਦੀ ਸੀ ਅਤੇ ਫਿਰ ਵੀ ਜਿਸ ਸਥਿਤੀ ਵਿਚ ਪਲਾਸਟਿਕ ਨੂੰ ਗਾਲਣ ਦੀ ਲੋੜ ਹੈ ਉਸ ਸਥਿਤੀ ਤਕ ਅਜੇ ਤਕ ਗਾਲਣਾ ਸੰਭਵ ਨਹੀਂ ਹੋਇਆ ਸੀ।ਪਰ ਹੁਣ ਯੂਨੀਵਰਸਿਟੀ ਦੀ ਨਵੀਂ ਖੋਜ ਨਾਲ ਪਲਾਸਟਿਕ ਨੂੰ ਸੌਖੇ ਗਾਲਣਾ ਸੰਭਵ ਹੋ ਸਕੇਗਾ।
ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਖੋਜ ਪਲਾਸਟਿਕ ਨੂੰ ਗਾਲਣ ਲਈ ਹੋਈ ਹੈ ਉਸ ਪ੍ਰੀਕਿਰਿਆ ਵਿੱਚ ਉਚ ਤਾਪਮਾਨ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਰਸਾਇਣਾਂ ਦਾ ਪ੍ਰਯੋਗ ਹੁੰਦਾ ਹੈ ਜੋ ਕਿ ਵਾਤਾਵਰਣ ਲਈ ਘਾਤਕ ਸਿੱਧ ਹੁੰਦੇ ਹਨ ਪਰ ਹੁਣ ਡਾ. ਤੇਜਵੰਤ ਸਿੰਘ ਕੰਗ ਦੀ ਅਗਵਾਈ ਵਿਚ ਖੋਜ ਕਰ ਰਹੇ ਖੋਜਾਰਥੀਆਂ ਦੀ ਖੋਜ ਨਾਲ ਪਲਾਸਟਿਕ ਨੂੰ ਸੌਖੇ ਤਰੀਕੇ ਨਾਲ ਗਾਲਣ ਅਤੇ ਮੁੜ ਵਰਤੋਂ ਵਿਚ ਲਿਆਉਣ ਲਈ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ ਵਾਲੀ ਨਵੀ ਪ੍ਰਣਾਲੀ ਵਿਕਸਿਤ ਹੋ ਜਾਵੇਗੀ।
ਡਾ. ਕੰਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿਛਲ਼ੇ ਦੋ ਸਾਲਾਂ ਤੋਂ ਪਲਾਸਟਿਕ ਨੂੰ ਸੌਖੇ ਤਰੀਕੇ ਨਾਲ ਗਾਲਣ ਅਤੇ ਮੁੜ ਵਰਤੋਂ ਵਿਚ ਲਿਆਉਣ ਲਈ ਖੋਜ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਦੋ ਸਾਲਾਂ ਦੀ ਮਿਹਨਤ ਮਗਰੋਂ ਇਸ ਸਬੰਧੀ ਹਾਂਪੱਖੀ ਨਤੀਜੇ ਪ੍ਰਾਪਤ ਹੋਏ ਜਿਸ ਨਾਲ ਇਕ ਨਵੀਂ ਪ੍ਰਣਾਲੀ ਦਾ ਮੁੱਢ ਬੱਝ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਸ ਪ੍ਰਣਾਲੀ ਨੂੰ ਹੋਰ ਵਿਕਸਿਤ ਕਰਨ ਲਈ ਕੰਮ ਕਰਦੇ ਰਹਿਣਗੇ।
ਰਸਾਇਣ ਵਿਭਾਗ ਦੇ ਮੁਖੀ, ਪ੍ਰੋ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਖੋਜਾਰਥੀ ਟੀਮ ਨੂੰ ਪ੍ਰਾਪਤ ਹੋਏ ਨਤੀਜੇ ਹੋਰ ਖੋਜਾਰਥੀਆਂ ਨੂੰ ਇਸ ਸਬੰਧੀ ਨਵੀਆਂ ਪ੍ਰਣਾਲੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕਰਨਗੇ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਡਾ. ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੋਜ ਨੂੰ ਸਮਰਪਿਤ ਯੂਨੀਵਰਸਿਟੀ ਹੈ ਅਤੇ ਸਮੇਂ ਸਮੇਂ ਆਪਣੇ ਵਿਗਿਆਨਕਾਂ ਅਤੇ ਖੋਜਾਰਥੀਆਂ ਨੂੰ ਚੰਗਾ ਬੁਨਿਆਦੀ ਅਤੇ ਉਚ ਪਾਏ ਦਾ ਢਾਂਚਾ ਮੁਹਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਸ ਖੋਜ਼ ਨਾਲ ਜਿਥੇ ਪਲਾਸਟਿਕ ਦੇ ਖੇਤਰ ਵਿਚ ਨਵੇਂ ਢੰਗ ਤਰੀਕੇ ਵਿਕਸਿਤ ਹੋਣਗੇ ਉਥੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media