ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਸਰਕਾਰੀ ਸਮਾਰਟ ਸਕੂਲ ਗੁਰੂ ਨਾਨਕ ਪੁਰਾ ਵਿਖੇ ਪ੍ਰੋਜੈਕਟ ਨੰਨ੍ਹੀ ਕਲੀ ਵਲੋਂ ਬੱਚੀਆਂ ਨੂੰ ਭੇਜੀਆਂ ਗਈਆਂ ਕਿੱਟਾਂ
ਦੀ ਵੰਡ ਕੀਤੀ ਗਈ।ਕੌਂਸਲਰ ਦਵਿੰਦਰ ਪਹਿਲਵਾਨ, ਕੁਲਬੀਰ ਸਿੰਘ, ਯੁੱਧਵੀਰ ਸੈਣੀ, ਹਨੀ ਗਿੱਲ, ਮੁੱਖ ਅਧਿਆਪਕਾ ਸ੍ਰੀਮਤੀ ਨੀਤੂ, ਮੈਡਮ ਪਲਵਿੰਦਰ ਕੌਰ, ਮੈਡਮ ਆਰਤੀ ਕਲੋਤਰਾ ਸਮੇਤ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਸੀ.ਏ ਗੁਰਮੀਤ ਕੌਰ ਅਤੇ ਸੀ.ਏ ਅਮਨਦੀਪ ਕੌਰ ਨੇ ਦੱਸਿਆ ਕਿ ਕੇ.ਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਅਤੇ ਨੰਦੀ ਫਾਊਂਡੇਸ਼ਨ ਵਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਇਸ ਪ੍ਰੋਜੈਕਟ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਮੋਬਾਈਲ ਟੈਬ ਦੀ ਮਦਦ ਨਾਲ ਪੰਜਾਬੀ, ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਵਿਸ਼ਿਆਂ ਦੀ ਮੁਫ਼ਤ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।ਸਿੱਖਿਆ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਬੱਚੀਆਂ ਦੀ ਰੁਚੀ ਦੇ ਹੋਰ ਖੇਤਰਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿੱਚ ਮਦਦ ਕੀਤੀ ਜਾਂਦੀ ਹੈ।ਬੱਚਿਆਂ ਨੂੰ ਬੈਗ, ਕਾਪੀਆਂ, ਸਟੇਸ਼ਨਰੀ, ਸਵਾਟਰ ਆਦਿ ਦੇ ਨਾਲ ਨਾਲ ਵਰਤੋਂ ਦੀਆਂ ਹੋਰ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਜੁੜ ਕੇ ਸਮੁੱਚੇ ਭਾਰਤ ਤੋਂ ਕਈ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣਾਂ ਉਚ ਅਹੁੱਦਿਆਂ ‘ਤੇ ਤਾਇਨਾਤ ਹੋ ਕੇ ਦੇਸ਼ ਦੀ ਸੇਵਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀਆਂ ਹਨ।ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਬੱਚੀਆਂ ਨੂੰ ਇਸ ਪੋਜੈਕਟ ਨਾਲ ਵੱਧ ਤੋਂ ਵੱਧ ਜੁੜ ਕੇ ਲਾਹਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਕੌਂਸਲਰ ਦਵਿੰਦਰ ਪਹਿਲਵਾਨ ਨੇ ਬੱਚੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਨ ਲਗਾ ਕੇ ਪੜ੍ਹਣ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣ ਤਾਂ ਜੋ ਦਿਮਾਗ ਦੇ ਨਾਲ ਸਰੀਰਕ ਤੰਦਰੁਸਤੀ ਵੀ ਬਣੀ ਰਹੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਜੋ ਖੇਡਾਂ ਨੂੰ ਪ੍ਰਫੁਲਿਤ ਕਰਕੇ ਵਧੀਆ ਖਿਡਾਰੀ ਪੈਦਾ ਕਰਨ ਦਾ ਹੈ ਉਸ ਨੂੰ ਹਾਸਿਲ ਕੀਤਾ ਜਾ ਸਕੇ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media