ਅਧਿਆਪਕ ਤੇ ਵਿਦਿਆਰਥੀ ਦਾ ਹੁੰਦਾ ਹੈ ਆਪਸੀ ਗੂੜ੍ਹਾ ਰਿਸ਼ਤਾ – ਬੀਬੀ ਕਿਰਨਜੀਤ ਕੌਰ
ਅੰਮ੍ਰਿਤਸਰ, 13 ਦਸੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਵਿਖੇ ‘ਆਧੁਨਿਕ ਸਮੇਂ ਵਿੱਚ ਅਧਿਆਪਕ ਦੇ ਬਦਲਦੇ ਸਵਰੂਪ’ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਅਧਿਆਪਕਾਂ ਨੂੰ ਅਜੋਕੇ ਦੌਰ ਵਿੱਚ ਸਮੇਂ ਦਾ ਹਾਣੀ ਬਣਨ ਲਈ ਉਨ੍ਹਾਂ ਦੀਆਂ ਯੋਗਤਾਵਾਂ ਦੀ ਚਰਚਾ ਕੀਤੀ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਬੀਬੀ ਕਿਰਨਜੀਤ ਕੌਰ ਦਾ ਕਾਲਜ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ।ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਸਮਾਂ ਬਦਲਦਾ ਜਾ ਰਿਹਾ ਹੈ ਅਤੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਤੇ ਬਰਕਰਾਰ ਰੱਖਣ ਲਈ ਅੱਜ ਅਧਿਆਪਕਾਂ ਕੋਲ ਕਈ ਪ੍ਰਕਾਰ ਦੀਆਂ ਅਤਿ ਆਧੁਨਿਕਾਂ ਸਹੂਲਤਾਂ ਹਨ। ਜਿਸ ਨਾਲ ਉਹ ਵਿਦਿਆਰਥੀਆਂ ਨੂੰ ਭਰਪੂਰ ਵਿੱਦਿਅਕ ਗਿਆਨ ਪ੍ਰਦਾਨ ਕਰਦਾ ਹੋਇਆ ਉਨ੍ਹਾਂ ਦੀ ਉਚਿੱਤ ਮੰਜਿਲ ਵੱਲ ਵੱਧਣ ਲਈ ਪ੍ਰੇਰਣਾਦਾਇਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਿੱਤਾ ਅਜਿਹਾ ਹੈ ਕਿ ਉਸ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਵਿੱਦਿਆ ਸਦਕਾ ਉਹ ਸਮਾਜ ਵਿੱਚ ਉੱਚ ਅਹੁੱਦਿਆ ‘ਤੇ ਬਿਰਾਜਮਾਨ ਹੋ ਸਕਦਾ ਹੈ। ਇਸ ਲਈ ਅਧਿਆਪਕ ਦਾ ਵਿਦਿਆਰਥੀ ਅਤੇ ਵਿਦਿਆਰਥੀ ਦਾ ਅਧਿਆਪਕ ਨਾਲ ਸੱਚਾ-ਸੁੱਚਾ ਗੂੜ੍ਹਾ ਰਿਸ਼ਤਾ ਹੁੰਦਾ ਹੈ।
ਉਨ੍ਹਾਂ ਇਸ ਮੌਕੇ ਵਿਗਿਆਨ ਤੇ ਤਕਨੀਕ ਦੇ ਯੁੱਗ ਵਿੱਚ ਇਕ ਅਧਿਆਪਕ ਵਜੋਂ ਸਮਾਜ ਵਿੱਚ ਉਭਰਣ ਵਾਲੀਆਂ ਵਿਦਿਆਰਥਣਾਂ ਨੂੰ ਸਮੇਂ ਦੀ ਰਫਤਾਰ ਨਾਲ ਚਲਣ ਲਈ ਉਨ੍ਹਾਂ ਯੋਗਤਾਵਾਂ ਦਾ ਜ਼ਿਕਰ ਕੀਤਾ ਜੋ ਉਨ੍ਹਾਂ ਲਈ ਅਪਨਾਉਣੀਆਂ ਅਤਿ ਜਰੂਰੀ ਹੈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ ਅਨੁਭਵਾਂ ‘ਤੇ ਅਧਾਰਿਤ ਸੰਕਲਪਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝਾ ਕੀਤਾ।ਕਾਲਜ ਪ੍ਰਿੰ: ਡਾ. ਢਿੱਲੋਂ ਨੇ ਬੀਬੀ ਕਿਰਨਜੀਤ ਕੌਰ ਵੱਲੋਂ ਦਿੱਤੀ ਗਈ ਮਹੱਤਵਪੂਰਨ ਜਾਣਕਾਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਜਾਣਕਾਰੀ ਉਨ੍ਹਾਂ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਮੁਕਾਬਲੇ ਦਾ ਯੁੱਗ ਹੈ, ਇਸ ਲਈ ਹਰੇਕ ਇਨਸਾਨ ਨੂੰ ਨਿਪੁੰਨ ਬਣਨ ਲਈ ਸਕੂਲਾਂ ਤੇ ਕਾਲਜਾਂ ਵਿੱਚ ਕਰਵਾਏ ਜਾਂਦੇ ਅਜਿਹੇ ਸੈਮੀਨਾਰਾਂ ਦਾ ਹਿੱਸਾ ਬਣਕੇ ਭਰਪੂਰ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਸੈਮੀਨਾਰ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।