Sunday, December 22, 2024

ਲੇਖਕ ਮੰਚ ਸਮਰਾਲਾ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਸਲਾਨਾ ਸਮਾਗਮ

ਸਮਰਾਲਾ, 18 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਵਲੋਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਸਾਲਾਨਾ ਸਮਾਗਮ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ ਵਿਖੇ ਕਰਵਾਇਆ ਗਿਆ।ਇਸ ਵਿਚ ਗੀਤਕਾਰ ਅਤੇ ਵਾਰਤਾਕਾਰ ਬਲਵੰਤ ਮਾਂਗਟ ਦੀ ਵਾਰਤਕ ਪੁਸਤਕ ‘‘ਰਾਵਣ ਤੋਂ ਬੰਦੇ ਤੱਕ’’ ’ਤੇ ਗੋਸ਼ਟੀ ਕਰਵਾਈ ਗਈ।ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਭੱਟੀ, ਪਿ੍ਰੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਲੇਖਕ ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਦਫ਼ਤਰ ਸਕੱਤਰ ਜਸਵੀਰ ਝੱਜ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਗੀਤਕਾਰ ਅਨਿਲ ਫ਼ਤਹਿਗੜ੍ਹ ਜੱਟਾਂ ਅਤੇ ਪੁਸਤਕ ਦੇ ਲੇਖਕ ਬਲਵੰਤ ਮਾਂਗਟ ਸ਼ਾਮਲ ਹੋਏ।ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਕਿਤਾਬ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਦਲਜੀਤ ਸਿੰਘ ਸ਼ਾਹੀ ਨੇ ਲੇਖਕ ਮੰਚ (ਰਜਿ.) ਸਮਰਾਲਾ ਦੇ ਜਨਮ ਤੋਂ ਲੈ ਕੇ ਹੁਣ ਤੱਕ ਮੰਚ ਵਲੋਂ ਕੀਤੀਆਂ ਸਰਗਰਮੀਆਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਮੰਚ ਦੀ ਅਗਵਾਈ ਕਰਦੇ ਰਹੇ ਮਰਹੂਮ ਮਾਸਟਰ ਤਰਲੋਚਨ ਸਿੰਘ ਦੇ ਸਦੀਵੀ ਵਿਛੋੜੇ ’ਤੇ ਸਮੁੱਚੇ ਹਾਊਸ ਵਲੋਂ ਅਫਸੋਸ ਪ੍ਰਗਟ ਕੀਤਾ ਗਿਆ।ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਉੱਚਕੋਟੀ ਦੇ ਕਹਾਣੀਕਾਰ ਅਤੇ ਪੰਜਾਬੀ ਸਾਹਿਤ ਦੇ ਮਾਣ ਸੁਖਜੀਤ ਜੀ ਦੇ ਬੇਵਕਤ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਇਸ ਉਪਰੰਤ ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਡਾ. ਹਰਵਿੰਦਰ ਸਿੰਘ ਭੱਟੀ ਨੇ ਕਿਤਾਬ ’ਤੇ ਆਪਣੇ ਵਿਚਾਰ ਪੇਸ਼ ਕੀਤੇ ਜੋ ਲਗਭਗ ਸਵਾ ਘੰਟੇ ਤੱਕ ਕਿਤਾਬ ਦੇ ਸਾਰੇ ਲੇਖਾਂ ਬਾਰੇ ਬਰੀਕੀ ਨਾਲ ਗੱਲ ਕੀਤੀ।ਉਹ ਅਜੋਕੇ ਰਾਜਨੀਤਕ, ਸਮਾਜਿਕ, ਸੱਭਿਆਚਾਰਕ ਅਤੇ ਲੋਕ-ਵਿਸ਼ਵਾਸ਼ਾਂ ਦੇ ਸੰਦਰਭ ’ਚ ਚਰਚਾ ਕਰਦੇ ਰਹੇ।ਜਸਵੀਰ ਝੱਜ, ਡਾ. ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸ਼ਾਹੀ, ਬੁੱਧ ਸਿੰਘ ਨੀਲੋਂ, ਪੱਤਰਕਾਰ ਸੁਰਜੀਤ ਵਿਸ਼ਾਦ ਅਤੇ ਮੈਨੇਜਰ ਕਰਮ ਚੰਦ ਵਲੋਂ ਕੀਤੇ ਸਵਾਲਾਂ ਦੇ ਤਰਕਸੰਗਤ ਜਵਾਬ ਡਾਕਟਰ ਭੱਟੀ ਨੇ ਦਿੱਤੇ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ, ਡਾ. ਹਰਵਿੰਦਰ ਸਿੰਘ ਭੱਟੀ, ਬੁੱਧ ਸਿੰਘ ਨੀਲੋਂ, ਜਸਵੀਰ ਝੱਜ ਅਤੇ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਸ਼ਾਮਲ ਹੋਏ।ਕਵੀ ਦਰਬਾਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲ ਨੇ ਆਪਣੀ ਸੱਭਿਆਚਾਰਕ ਗੀਤ-ਨੁਮਾ ਕਵਿਤਾ ‘ਯਾਦ ਆਵੇਂ ਜਾਣ ਵਾਲਿਆਂ’ ਬੜੀ ਰੂਹ ਨਾਲ ਪੇਸ਼ ਕੀਤੀ।ਮੈਨੇਜਰ ਕਰਮ ਚੰਦ ਨੇ ਬਹੁਤ ਭਾਵੁਕ ਕਵਿਤਾ ‘ਉਹ ਵੀ ਬਾਪ ਹੁੰਦਾ ਹੈ’ ਸੁਣਾਈ।ਕਾਮਰੇਡ ਕੇਵਲ ਸਿੰਘ ਮੰਜ਼ਾਲੀਆਂ ਨੇ ਤਰੰਨੁਮ ਵਿੱਚ ‘ਇਹ ਵੀ ਗੱਲ ਮਾੜੀ’ ਸੁਣਾ ਕੇ ਵਾਹ ਵਾਹ ਖੱਟੀ।ਫੇਰ ਕਥਾ ਵਾਚਕ ਪਰਮਜੀਤ ਸਿੰਘ ਖੜਗ ਨੇ ‘ਕੁਰਸੀ’ ਕਵਿਤਾ ਨਾਲ ਦੋ ਹੋਰ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ।ਇਸ ਉਪਰੰਤ ਇਨਕਲਾਬੀ ਸ਼ਾਇਰ ਦੀਪ ਦਿਲਬਰ ਨੇ ਗੀਤ ਸਰੋਤਿਆਂ ਨਾਲ ਸਾਂਝਾ ਕੀਤਾ।ਬਘੌਰ ਪਿੰਡ ਦੇ ਵਾਸੀ ਨਾਇਬ ਸਿੰਘ ਟਿਵਾਣਾ ਨੇ ਅਜੋਕੇ ਪੰਜਾਬ ਦੀ ਦਰਦਨਾਕ ਹਾਲਤ ’ਤੇ ‘ਪੰਜਾਬ ਦਾ ਰੰਗ’ ਲੰਮੀ ਕਵਿਤਾ ਪੇਸ਼ ਕੀਤੀ।ਕਰਮਜੀਤ ਸਿੰਘ ਬਾਸੀ ਨੇ ਭਾਵਪੂਰਤ ਕਵਿਤਾ ‘ਚੌਂਕਾਂ ਚੁਰਾਹਿਆਂ ’ਚ’ ਸੁਣਾ ਕੇ ਚੋਣਾਂ ਦਾ ਮਾਹੌਲ ਉਸਾਰਿਆ। ਬਲਵੰਤ ਮਾਂਗਟ ਨੇ ਗੀਤ ‘ਐਵੇਂ ਹੀ ਵਿਸਾਖੀ ਮੈਂ ਲੰਘਾ ਲਈ ਆ’ ਸੁਣਾਈ।ਅਨਿਲ ਫ਼ਤਹਿਗੜ੍ਹ ਜੱਟਾਂ ਨੇ ਦੇਸ਼ ਦੀ ਅਜੋਕੀ ਦਸ਼ਾ ’ਤੇ ‘ਜੰਗਲ-ਰਾਜ’ ਪੇਸ਼ ਕੀਤੀ।ਲੁਧਿਆਣੇ ਤੋਂ ਆਏ ਕਵੀ ਮਲਕੀਤ ਸਿੰਘ ਮਾਲੜਾ ਨੇ ਵਿਸਾਖੀ ਨੂੰ ਸਮਰਪਿਤ ਗੀਤ ‘ਧੰਨ ਬਾਜ਼ਾਂ ਵਾਲਿਆਂ’ ਤਰੰਨੁਮ ਵਿੱਚ ਸਾਂਝੀ ਕੀਤੀ।ਜਸਵੀਰ ਝੱਜ ਨੇ ਗੀਤ ‘ਸੱਚ ਮੂੰਹ ’ਤੇ ਹੈ ਕਹਿਣਾ’ ਗਾ ਕੇ ਖੂਬ ਦਾਦ ਖੱਟੀ।ਬੁੱਧ ਸਿੰਘ ਨੀਲੋਂ ਨੇ ਕਵਿਤਾ ‘ਬੇਵਸੀ’ ਤੋਂ ਇਲਾਵਾ ਇੱਕ ਹੋਰ ਕਵਿਤਾ ਸੁਣਾਈ ਜੋ ਲੋਕ ਹਿਤਾਂ ਦੀ ਨੁਮਾਇੰਦਗੀ ਕਰਦੀ ਸੀ।ਪ੍ਰਭਾਵਸ਼ਾਲੀ ਗ਼ਜ਼ਲਗੋ ਅਮਰਿੰਦਰ ਸੋਹਲ ਨੇ ‘ਪੁਣਦੀ ਨਹੀਂ ਲਹੂ ਨੂੰ, ਦਿਲ ਨੂੰ ਛਾਣਦੀ ਨਹੀਂ……’ ਅਤੇ ਇੱਕ ਹੋਰ ਗ਼ਜ਼ਲ ਦੇ ਕੁੱਝ ਸ਼ੇਅਰ ਪੇਸ਼ ਕੀਤੇ।ਫੇਰ ਆਈ ਵਾਰੀ ਹਰਬੰਸ ਮਾਲਵਾ ਦੀ ਜਿਸ ਨੇ ਹੌਂਸਲਾ ਅਤੇ ਆਸ-ਭਰਪੂਰ ਗੀਤ ‘ਸੁਪਨੇ ਉਲੀਕਦੀ ਹਵਾ’ ਤਰੰਨੁਮ ਵਿੱਚ ਪੇਸ਼ ਕੀਤਾ।ਕਮਲਜੀਤ ਨੀਲੋਂ ਨੇ ‘ਸੁੰਦਰੀਏ ਮੁੰਦਰੀਏ….’ ਗੀਤ ਤਰੰਨੁਮ ’ਚ ਸੁਣਾ ਕੇ ਪ੍ਰਭਾਵ ਪਾਇਆ।ਇਸ ਉਪਰੰਤ ਮੁੱਖ ਮਹਿਮਾਨ ਡਾਕਟਰ ਹਰਵਿੰਦਰ ਸਿੰਘ ਭੱਟੀ ਨੇ ਰਾਜਨੀਤਿਕ ਵਿਅੰਗ ਕਰਦੀ ਲੰਮੀ ਕਵਿਤਾ ‘ਭੇਡਾਂ’ ਸਰੋਤਿਆਂ ਨੇ ਧਿਆਨਪੂਰਵਕ ਸੁਣੀ ਅਤੇ ਖੂਬ ਦਾਦ ਸ਼ਾਇਰ ਦੀ ਕਲਮ ਨੂੰ ਦਿੱਤੀ।
ਸਮਾਗਮ ਵਿੱਚ ਮੇਲਾ ਸਿੰਘ, ਪ੍ਰਸਿੱਧ ਨਾਟਕਕਾਰ ਰਾਜਵਿੰਦਰ ਸਿੰਘ ਆਪਣੀ ਟੀਮ ਦੇ ਅਦਾਕਾਰਾਂ ਕਮਲਜੀਤ ਕੌਰ, ਕੁਨਾਲ ਅਭੈਜੀਤ ਸਿੰਘ, ਉਦੈਵੀਰ ਸਿੰਘ (ਅਕਸ ਰੰਗ ਮੰਚ) ਲਖਵੀਰ ਬਲਾਲਾ, ਰੁਪਿੰਦਰਪਾਲ ਸਿੰਘ ਗਿੱਲ, ਸੁਰਜੀਤ ਵਿਸ਼ਾਦ, ਹਰਜਿੰਦਰਪਾਲ ਸਿੰਘ ਸਮਰਾਲਾ, ਮਹਿਕਦੀਪ ਕੌਰ ਸੰਗੀਤਕਾਰ ਸ਼ਮਸ਼ੇਰ ਸਿੰਘ ਘੁੰਗਰਾਲੀ, ਲਖਬੀਰ ਸਿੰਘ, ਸਾਹਿਤ ਸਭਾ ਮਾਛੀਵਾੜਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਜਨਾਬ ਟੀ. ਲੋਚਨ ਅਤੇ ਪ੍ਰਸਿੱਧ ਗ਼ਜ਼ਲਗੋ ਨਿਰੰਜਨ ਸੂਖ਼ਮ ਵੀ ਸਮਾਗਮ ਵਿੱਚ ਸ਼ਾਮਲ ਹੋਏ।ਡਾ. ਹਰਜਿੰਦਰਪਾਲ ਸਿੰਘ ਸਮਰਾਲਾ ਨੇ ਆਪਣੀ ਸੁਪਤਨੀ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਲੇਖਕ ਮੰਚ (ਰਜਿ.) ਸਮਰਾਲਾ ਨੂੰ 1100 ਰੁਪਏ ਦਿੱਤੇ ਅਤੇ ਲੇਖਕ ਮੰਚ ਨੇ ਹਰਜਿੰਦਰ ਪਾਲ ਸਿੰਘ ਦਾ, ਇਹ ਨਵੀਂ ਰੀਤ ਤੋਰਨ ਲਈ ਧੰਨਵਾਦ ਕੀਤਾ।ਸਮਾਗਮ ਦੀ ਸਮੁੱਚੀ ਕਾਰਵਾਈ ਦੀ ਜ਼ਿੰਮੇਵਾਰੀ ਹਰਬੰਸ ਮਾਲਵਾ ਨੇ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …