ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਵੱਲੋਂ ਜਲੰਧਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਾਰਜਸਾਧਕ ਕਮੇਟੀ ਦੀ ਇਕੱਤਰਤਾ ਹੋਈ।ਆਨਰੇਰੀ ਕਾਰਜਕਾਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ ਮੀਟਿੰਗ ਦੇ ਏਜੰਡੇ ਪੜ੍ਹੇ ਗਏ।ਅਕਾਲ ਚਲਾਣਾ ਕਰ ਚੁੱਕੇ ਪਰਮਜੀਤ ਸਿੰਘ ਖਾਲਸਾ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਸਥਾਨਕ ਕਮੇਟੀ ਲੁਧਿਆਣਾ, ਅੰਮ੍ਰਿਤਸਰ ਤੋ ਦੀਵਾਨ ਮੈਂਬਰ ਡਾ. ਗਜਿੰਦਰ ਸਿੰਘ ਢੀਂਗਰਾ ਅਤੇ ਜਸਵੰਤ ਸਿੰਘ ਦੇ ਸ਼ੋਕ ਮਤੇ ਪੜ੍ਹੇ ਗਏ।ਪ੍ਰਧਾਨ ਡਾ. ਇੰਦਰਬੀਰ ਨਿੱਜ਼ਰ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ 6 ਮੈਂਬਰ (2023-2028) ਮੌਜ਼ੂਦਾ ਟਰਮ ਲਈ ਨਾਮਜ਼ਦ ਕੀਤੇ ਗਏ ਹਨ।ਜਿੰਨਾਂ ਵਿੱਚ ਦੀਵਾਨ ਤੋਂ ਜਗਜੀਤ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ ਅਤੇ ਗੁਰਜੋਤ ਸਿੰਘ ਸਾਹਨੀ ਹਨ ਅਤੇ ਖ਼ਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਹਰਿੰਦਰਪਾਲ ਸਿੰਘ ਸੇਠੀ ਤੇ ਉਪਕਾਰ ਸਿੰਘ ਛਾਬੜਾ ਹਨ ਅਤੇ ਛੇਵੇਂ ਮੈਂਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਵਾਂਪਿੰਡ ਤੋਂ ਭੁਪਿੰਦਰ ਸਿੰਘ ਸੱਚਰ ਨਾਮਜ਼ਦ ਕੀਤੇ ਗਏ ਹਨ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਐਜੂਕੇਸ਼ਨਲ ਕਮੇਟੀ ਵਿੱਚ ਡਾ. ਇੰਦਰਬੀਰ ਸਿੰਘ ਨਿੱਜ਼ਰ, ਸੰਤੋਖ ਸਿੰਘ ਸੇਠੀ, ਜਗਜੀਤ ਸਿੰਘ, ਸਵਿੰਦਰ ਸਿੰਘ ਕੱਥੂਨੰਗਲ, ਜਸਪਾਲ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪ੍ਰਿੰਸ, ਬੀਬੀ ਕਿਰਨਜੋਤ ਕੌਰ ਅਤੇ ਸਿੰਘ ਸਭਾ ਵੱਲੋਂ ਕੁਲਜੀਤ ਸਿੰਘ ਸਾਹਨੀ, ਸਿੱਖ ਗਰੈਜੂਏਟਸ ਵੱਲੋਂ ਡਾ. ਅਮਰਜੀਤ ਸਿੰਘ ਦੂਆ ਅਤੇ ਮਨਮੋਹਨ ਸਿੰਘ ਚੰਡੀਗੜ੍ਹ, ਸਿੱਖ ਵਿਦਿਅਕ ਅਤੇ ਆਸ਼ਰਮ ਵੱਲੋਂ ਅਜੀਤ ਸਿੰਘ ਬਸਰਾ ਅਤੇ ਭਗਵੰਤਪਾਲ ਸਿੰਘ ਸੱਚਰ ਸ਼ਾਮਲ ਕੀਤੇ ਗਏ ਹਨ ਅਤੇ ਰਿਸੈਪਸ਼ਨ ਕਮੇਟੀ ਵੱਲੋਂ ਚੇਅਰਮੈਨ ਦੀ ਨਾਮਜ਼ਦਗੀ ਕੀਤੀ ਜਾਵੇਗੀ।ਡਾ. ਨਿੱਜ਼ਰ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 21 ਤੋ 23 ਨਵੰਬਰ 2024 ਨੂੰ ਕਰਵਾਈ ਜਾ ਰਹੀ ਹੈ ਜਿਸ ਵਿਚ ਦੇਸ਼-ਵਿਦੇਸ਼ ਤੋਂ ਉੱਘੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ।
ਪੰਜਾਬ ਵਾਂਗ ਕਸ਼ਮੀਰ ਵਾਸੀਆਂ ਨੂੰ ਵੀ ਸਿੱਖੀ-ਸਿੱਖਿਆ ਨਾਲ ਜ਼ੋੜਦਿਆਂ ਉੱਚ ਮਿਆਰੀ ਵਿਦਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਕਸ਼ਮੀਰ ਵਿੱਚ ਵੀ ਇੱਕ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ।ਜਲੰਧਰ ਵਿੱਚ ਨਵਾਂ ਸਕੂਲ ਖੋਲਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਦੀਵਾਨ ਮੈਂਬਰਾਂ ਵੱਲੋਂ ਕਿਸੇ ਵੀ ਸ਼ਹਿਰ ਵਿੱਚ ਕੋਈ ਵੀ ਜ਼ਮੀਨ/ਅਦਾਰਾ ਮਾਰਕੀਟ ਨਾਲੋ ਘੱਟ ਰੇਟ ‘ਤੇ ਮਿਲਣ ਦੀ ਸੂਰਤ ਵਿੱਚ ਖਰੀਦ ਕਰਨ ‘ਤੇ ਸਹਿਮਤੀ ਪ੍ਰਗਟਾਈ ਗਈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸਕੂਲਾਂ ਵਿੱਚ ਸਮੇਂ-ਸਮੇਂ ‘ਤੇ ਟੀਚਰ ਟ੍ਰੇਨਿੰਗ ਕੈਂਪ, ਸੈਮੀਨਾਰ, ਅਬਾਕਸ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਸਿੱਖਿਆ ਦੇ ਨਾਲ-ਨਾਲ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਨੈਤਿਕ ਗੁਣਾਂ ਦਾ ਧਾਰਨੀ ਬਣਾਉਣ ਲਈ ਧਾਰਮਿਕ ਗਤੀਵਿਧੀਆਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ।
ਮੀਟਿੰਗ ਵਿੱਚ ਕਰਨਲ ਗੁਰਸ਼ੇਰ ਸਿੰਘ ਜਲੰਧਰ, ਜਗਜੀਤ ਸਿੰਘ ਗਾਭਾ, ਉਜਾਗਰ ਸਿੰਘ, ਹਿੰਮਤ ਸਿੰਘ, ਮਨਪ੍ਰੀਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …