ਲੜਕੀਆਂ ਉਦਾਸ ਮਨ ਦੀ ਬਜ਼ਾਏ ਅਗਾਂਹਵਧੂ ਸੋਚ ਨਾਲ ਪ੍ਰਤਿਭਾ ਨੂੰ ਨਿਖਾਰਣ – ਛੀਨਾ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਲੜਕੀਆਂ ਉਦਾਸ ਮਨ ਦੀ ਬਜ਼ਾਏ ਅਗਾਂਹਵਧੂ ਸੋਚ ਨੂੰ ਅਪਣਾ ਕੇ ਆਪਣੇ ਮਿੱਥੇ ਟੀਚੇ ਲਈ ਕਾਰਜਸ਼ੀਲ ਹੁੰਦੇ ਹੋਏ ਆਪਣੀਆਂ ਪ੍ਰਤਿਭਾਵਾਂ ਨੂੰ ਨਿਖਾਰਣ, ਕਿਉਂਕਿ ਰੋਣ-ਧੋਣ ਨਾਲ ਇਨਸਾਨ ਵਿੱਚਲੀ ਕਾਬਲੀਅਤ ਨੂੰ ਖੋਰਾ ਲੱਗ ਜਾਂਦਾ ਹੈ।ਇਸ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ’ਚ ਹਿੱਸਾ ਬਣਨ, ਜਿਸ ਨਾਲ ਲੋਕ ਭਲਾਈ ਦੇ ਕਾਰਜ਼ਾਂ ਦੇ ਨਾਲ ਸਮਾਜ ਨੂੰ ਸੇਧ ਦੇ ਸਕਣ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਉਨ੍ਹਾਂ ਆਪਣੇ ਸੰਬੋਧਨ ’ਚ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਔਰਤਾਂ ਦੇਸ਼ ਅਤੇ ਸਮਾਜ ਦਾ ਭਵਿੱਖ ਹਨ, ਜਿਸ ਲਈ ਉਨ੍ਹਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਸ: ਛੀਨਾ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਕੀਤੀ ਗਈ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਸਮੂੰਹ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਬੱਚਿਆਂ ਨੇ ਜੋ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ ਉਹ ਬਹੁਤ ਕਾਬਿਲੇ ਤਾਰੀਫ਼ ਸੀ, ਪਰ ਮੰਚ ’ਤੇ ਜੋ ਰਿਕਾਰਡ ਕੀਤੇ ਗਏ ਗਾਣਿਆਂ ’ਤੇ ਡਾਂਸ ਦਾ ਰੁਝਾਨ ਹੈ, ਉਹ ਉਚਿੱਤ ਨਹੀਂ ਹੈ।ਉਨ੍ਹਾਂ ਕਿਹਾ ਕਿ ਬਹੁਤ ਚੰਗਾ ਹੋਵੇ ਜੇਕਰ ਸਬੰਧਿਤ ਸਟਾਫ਼ ਵਿਦਿਆਰਥੀਆਂ ਨੂੰ ਡਾਂਸ ਦੇ ਨਾਲ ਗਾਣਾ ਵੀ ਖ਼ੁਦ ਗਾਉਣ ਦਾ ਅਭਿਆਸ ਕਰਵਾਉਣ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਗਿੱਲ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਹਰੇਕ ਗਤੀਵਿਧੀ ’ਚ ਨਿਪੁੰਨ ਬਣ ਕੇ ਸਮਾਜ ਭਲਾਈ ਦੇ ਕਾਰਜ਼ਾਂ ਲਈ ਉਤਸ਼ਾਹਿਤ ਕੀਤਾ।ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਤੋਂ ਵਾਹ-ਵਾਹ ਖੱਟੀ।ਛੀਨਾ ਨੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਪ੍ਰਿੰਸੀਪਲ ਗਿੱਲ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਕਿਰਿਆਤਮਕ ਗਤੀਵਿਧੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।ਵਾਇਸ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਮਾਹਲ ਨੇ ਆਏ ਮਹਿਮਾਨਾਂ ਅਤੇ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਕੁਲਦੀਪ ਸਿੰਘ ਗਿੱਲ, ਸ੍ਰੀਮਤੀ ਤਜਿੰਦਰ ਕੌਰ ਛੀਨਾ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਊ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …