ਅੰਮ੍ਰਿਤਸਰ ਹਾਫ ਮੈਰਾਥਨ ਨੇ ਦੇਸ਼ ਭਗਤੀ ਦਾ ਜਜ਼ਬਾ ਜਗਾਇਆ – ਈ.ਟੀ.ਓ
ਅੰਮ੍ਰਿਤਸਰ, 25 ਨਵੰਬਰ ਸੁਖਬੀਰ ਸਿੰਘ) – ਵਿਜੇ ਦਿਵਸ ਨੂੰ ਸਮਰਪਿਤ ਪੱਛਮੀ ਕਮਾਂਡ ਦੀ ਵਜਰਾ ਕੋਰ ਅਤੇ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵਲੋਂ ਅੰਮ੍ਰਿਤਸਰ ਹਾਫ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਅਥਲੀਟਾਂ ਨੇ ਭਾਗ ਲਿਆ।ਵਿਜੇ ਦਿਵਸ ਇਤਿਹਾਸਕ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਦੇ ਅਦੁੱਤੀ ਸਾਹਸ, ਬਹਾਦਰੀ ਅਤੇ ਸਰਵਉੱਚ ਕੁਰਬਾਨੀਆਂ ਦੇ ਜਸ਼ਨ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ।
ਦੌੜ ਦੀ ਸ਼ੁਰੂਆਤ ਕਰਨ ਲਈ ਪਹੁੰਚੇ ਕੈਬਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅੰਮ੍ਰਿਤਸਰ ਹਾਫ ਮੈਰਥਨ ਦੌੜ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਗਾਇਆ ਹੈ।ਉਹਨਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਦਾ ਇਹ ਇਕੱਠ ਦੱਸਦਾ ਹੈ ਕਿ ਇਹ ਭਵਿੱਖ ਦੇਸ਼ ਨੂੰ ਸਮਰਪਿਤ ਹੈ।ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਦੇਸ਼ ਵਾਸਤੇ ਹਰ ਵੇਲੇ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ।ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਬੱਚਿਆਂ ਦਾ ਹੌਸਲਾ ਵਧਾਉਂਦੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਦਾ ਇਹ ਸਰਹੱਦੀ ਜਿਲ੍ਹਾ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਵੇਗਾ।ਉਹਨਾਂ ਕਿਹਾ ਕਿ ਵਿਕਟਰੀ ਰਨ ਸਿਰਫ਼ ਇੱਕ ਮੈਰਾਥਨ ਨਹੀਂ, ਬਲਕਿ 1971 ਦੇ ਨਾਇਕਾਂ ਨੂੰ ਇੱਕ ਜੀਵੰਤ ਸ਼ਰਧਾਂਜਲੀ, ਏਕਤਾ ਦਾ ਜਸ਼ਨ ਅਤੇ ਦੇਸ਼ ਭਗਤੀ, ਤੰਦਰੁਸਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਸੱਦਾ ਹੈ।
ਮੈਰਾਥਨ ਦੌੜ ਵਿੱਚ ਕਾਲਜ ਦੇ ਵਿਦਿਆਰਥੀਆਂ, ਊਰਜਾਵਾਨ ਨੌਜਵਾਨਾਂ, ਅਨੁਸ਼ਾਸ਼ਿਤ ਐਨ.ਸੀ.ਸੀ ਕੈਡਿਟਾਂ, ਸਮਰਪਿਤ ਖਿਡਾਰੀਆਂ ਅਤੇ ਹਰ ਉਮਰ ਦੇ ਨਾਗਰਿਕਾਂ ਨੇ ਹਿੱਸਾ ਪਾਇਆ।21 ਕਿਲੋਮੀਟਰ ਦੀ ਹਾਫ ਮੈਰਾਥਨ, ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ, ਵੀ.ਐਸ.ਐਮ ਜਨਰਲ ਅਫਸਰ ਕਮਾਂਡਿੰਗ (ਜੀ.ਓ.ਸੀ), ਪੈਂਥਰ ਡਵੀਜ਼ਨ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ।ਇਹ ਸੀਪੀ-7, ਖਾਸਾ ਤੋਂ ਸ਼ੁਰੂ ਹੋਈ ਅਤੇ ਅਟਾਰੀ-ਵਾਹਗਾ ਬਾਰਡਰ `ਤੇ ਸਮਾਪਤ ਹੋਈ
ਸਮਾਗਮ ਦੀ ਸ਼ਾਨ ਨੂੰ ਵਧਾਉਂਦੇ ਹੋਏ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਦੀ ਸ਼ੁਰੂਆਤ ਕੈਬਨਿਟ ਮੰਤਰੀ ਹਰਭਜਨ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ (ਸੇਵਾਮੁਕਤ), ਓਲੰਪਿਕ ਦੇ ਮਹਾਨ ਖਿਡਾਰੀ ਤੇ ਅਰਜੁਨ ਐਵਾਰਡੀ ਅਤੇ ਸ਼੍ਰੀਮਤੀ ਸਾਕਸ਼਼ੀ ਸਾਹਨੀ ਡਿਪਟੀ ਕਮਿਸ਼ਨਰ ਨੇ ਕੀਤੀ।ਇਸ ਵਿੱਚ 22 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਹਿੱਸਾ ਲਿਆ।
ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਅਤੇ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਸਾਰਿਆਂ ਨੂੰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਸੱਦਾ ਦਿੱਤਾ।