Thursday, December 12, 2024

ਇਤਿਹਾਸਕ ਖਾਲਸਾ ਕਾਲਜ ਦਾ ਕੈਬਨਿਟ ਮੰਤਰੀ ਖੁੱਡੀਆ ਨੇ ਪਰਿਵਾਰ ਸਮੇਤ ਕੀਤਾ ਦੌਰਾ

ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਖੁੱਡੀਆ ਨੇ ਅੱਜ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਦਾ ਆਪਣੇ ਪਰਿਵਾਰ ਸਮੇਤ ਦੌਰਾ ਕੀਤਾ।ਖੁੱਡੀਆ ਜੋ ਕਿ 2023 ਦੇ ਮਈ ਮਹੀਨੇ ’ਚ ਕੈਬਨਿਟ ਮੰਤਰੀ ਚੁਣੇ ਗਏ ਸਨ ਅਤੇ ਜਿਨ੍ਹਾਂ ਕੋਲ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ ਮਹਿਕਮੇ ਹਨ, ਨੇ 1892 ਤੋਂ ਸਮਾਜ ਦੀ ਵਿੱਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਇਥੋਂ ਦੀ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ। ਜ਼ਿਕਰਯੋਗ ਹੈ ਕਿ ਗੁਰਮੀਤ ਖੁੱਡੀਆ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ 1989 ’ਚ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਖ਼ਾਲਸਾ ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਤਮਿੰਦਰ ਸਿੰਘ ਭਾਟੀਆ, ਰਜਿਸਟਾਰ ਡਾ. ਦਵਿੰਦਰ ਸਿੰਘ ਨਾਲ ਮਿਲ ਕੇ ਖੁੱਡੀਆ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਕਿਵੇਂ 132 ਸਾਲ ਤੋਂ ਇਸ ਅਦਾਰੇ ਨੇ ਸਮਾਜ ਦੇ ਵਿਕਾਸ ਅਤੇ ਤਰੱਕੀ ’ਚ ਆਪਣਾ ਯੋਗਦਾਨ ਪਾਇਆ ਹੈ।
ਕਾਲਜ ਦੀ ਸ਼ਾਨਦਾਰ ਵਿਰਾਸਤੀ ਇਮਾਰਤ ਨੂੰ ਵੇਖ ਕੇ ਅਤਿ ਪ੍ਰਭਾਵਿਤ ਹੋਏ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਮੈਂਬਰ ਵੀ ਇਸੇ ਕਾਲਜ ਤੋਂ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ ਅਤੇ ਅੱਜ ਉਹ ਆਪਣੇ ਪਰਿਵਾਰ ਸਮੇਤ ਇਸ ਇਮਾਰਤ ਨੂੰ ਵੇਖਣ ਲਈ ਆਏ ਹਨ।
ਡਾ. ਮਹਿਲ ਸਿੰਘ ਤੇ ਡਾ. ਕਾਹਲੋਂ ਨੇ ਸਾਂਝੇ ਤੌਰ ’ਤੇ ਖੁੱਡੀਆ ਨੂੰ ਕਾਲਜ ਨਾਲ ਸਬੰਧਿਤ ਅਮੀਰ ਵਿਰਾਸਤ ਤੇ ਇਤਿਹਾਸ ਅਤੇ ਸ਼ਾਨਦਾਰ ਆਰਕੀਟੈਕਚਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਤਿਹਾਸਕ ਸੰਸਥਾ ਦੁਨੀਆਂ ਭਰ ਦੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਹੈ।ਇਸ ਤੋਂ ਪਹਿਲਾਂ ਅਮਰੀਕਾ, ਪੋਲੈਂਡ, ਗ੍ਰੀਸ, ਬੈਲਜੀਅਮ, ਡੈਨਮਾਰਕ, ਬੁਲਗਾਰੀਆ, ਹੰਗਰੀ, ਅਰਜਨਟੀਨਾ, ਮੈਕਸੀਕੋ, ਇਕੂਏਟਰ, ਕੋਲੰਬੀਆ, ਕੋਸਟ ਰਿਕਾ, ਮੁੰਬਈ, ਦਿੱਲੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਆਏ ਵਫ਼ਦ ਕਾਲਜ ਦੀ ਅਦਭੁੱਤ ਇਮਾਰਤ ਵੇਖ ਕੇ ਗਦਗਦ ਹੋਏ ਅਤੇ ਇਹ ਯਾਦਾਂ ਕੈਮਰਿਆਂ ’ਚ ਕੈਦ ਕਰਕੇ ਲੈ ਕੇ ਗਏ ਹਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …