
ਗਹਿਰੀ ਮੰਡੀ, 18 ਜਨਵਰੀ (ਡਾ. ਨਰਿੰਦਰ ਸਿੰਘ) – ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਅੱਜ ਹਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਗਹਿਰੀ ਮੰਡੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੈਲੀ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਮੰਚ ਪੰਜਾਬ ਦੇ ਪ੍ਰਧਾਨ ਜਰਮਨਜੀਤ ਸਿੰਘ ਅਤੇ ਯੂਨੀਅਨ ਦੀ ਸੂਬਾਈ ਆਗੂ ਮਮਤਾ ਸ਼ਰਮਾਂ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਘਰੇਲੂ ਨੌਕਰਾਣੀਆਂ ਵਾਂਗ 1200 ਰੁਪਏ ਮਹੀਨਾ ਦਿੱਤੇ ਜਾਂਦੇ ਹਨ ਜਦਕਿ ਹਰਿਆਣੇ ਅੰਦਰ ਵਰਕਰਾਂ ਨੂੰ 2500 ਰੁਪਏ ਦਿੱਤੇ ਜਾ ਰਹੇ ਹਨ। ਵਰਕਰਾਂ ਨੂੰ ਸਿਰਫ਼ 10 ਮਹੀਨੇ ਦੀ ਤਨਖ਼ਾਹ ਦਿੱਤੀ ਜਾਂਦੀ ਹੈ।ਰੈਲੀ ਵਿੱਚ ਮੁਲਾਜ਼ਮ ਮੰਚ ਦੇ ਸੂਬਾਈ ਆਗੂ ਪ੍ਰਕਾਸ਼ ਸਿੰਘ ਥੋਥੀਆਂ, ਹਰਜਿੰਦਰ ਕੌਰ ਗਹਿਰੀ, ਮਨਜੀਤ ਕੌਰ ਤਲਵੰਡੀ, ਕੁਲਵੰਤ ਕੌਰ ਬੰਡਾਲਾ, ਸੋਨੀਆਂ ਤਲਵੰਡੀ, ਬਲਜਿੰਦਰ ਕੌਰ ਗੁਨੋਵਾਲ, ਹਰਜਿੰਦਰ ਕੌਰ ਧੀਰੇਕੋਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਪ੍ਰੈਲ 2014 ਤੋਂ ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਿੱਚ ਇੱਕ ਹਜ਼ਾਰ ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਮੋਦੀ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਹੈ ਜਿਸ ਕਰਕੇ 16 ਫਰਵਰੀ ਨੂੰ ਸਕੂਲਾਂ ਅੰਦਰ ਮਿਡ-ਡੇ-ਮੀਲ ਦਾ ਬਾਈਕਾਟ ਕਰਕੇ ਪਾਰਲੀਮੈਂਟ ਦੇ ਬਜਟ ਸ਼ੈਸ਼ਨ ਦੌਰਾਨ ਦਿੱਲੀ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਹਿੱਸਾ ਲੈਣ ਲਈ 15 ਫਰਵਰੀ ਨੂੰ ਦੁਪਹਿਰ 1 ਵਜੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਸ਼ਾਨੇ ਪੰਜਾਬ ਟਰੇਨ ਵਿੱਚ ਜਾਇਆ ਜਾਵੇਗਾ।
ਰੈਲੀ ਵਿੱਚ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮਿਡ ਡੇ ਮੀਲ ਵਰਕਰਾਂ ‘ਤੇ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਕੇ ਪ੍ਰਤੀ ਮਹੀਨਾ 7228 ਰੁਪਏ ਅਤੇ ਪਾਰਟ ਟਾਈਮ ਸਫਾਈ ਵਰਕਰਾਂ ਨੂੰ 6448 ਰੁਪਏ ਤਨਖਾਹ ਦਿੱਤੀ ਜਾਵੇ, 10 ਮਹੀਨਿਆਂ ਦੀ ਬਜਾਏ 12 ਮਹੀਨਿਆਂ ਦੀ ਤਨਖਾਹ ਦਾ ਭੁਗਤਾਨ ਕੀਤਾ ਜਾਵੇ, ਪੰਜਾਬ ਦੇ ਸ਼ਹਿਰਾਂ ਅੰਦਰ ਮਿਡ-ਡੇ-ਮੀਲ ਨੂੰ ਠੇਕੇ ‘ਤੇ ਦੇਣ ਦਾ ਫੈਸਲਾ ਵਾਪਿਸ ਲਿਆ ਜਾਵੇ, ਛਾਂਟੀ ਕਰਨ ‘ਤੇ ਰੋਕ ਲਗਾਈ ਜਾਵੇ ਅਤੇ ਛਾਂਟੀ ਕੀਤੀਆਂ ਵਰਕਰਾਂ ਫ਼ੌਰੀ ਬਹਾਲ ਕੀਤੀਆਂ ਜਾਣ, ਈ.ਐਸ.ਆਈ. ਸਹੂਲਤ ਦਿੱਤੀ ਜਾਵੇ, ਪ੍ਰਾਵੀਡੈਂਟ ਫੰਡ ਕੱਟਿਆ ਜਾਵੇ, ਹਰੇਕ ਪ੍ਰਕਾਰ ਦੀਆਂ ਛੁੱਟੀਆਂ ਦਿੱਤੀਆਂ ਜਾਣ, 25 ਤੋਂ ਵੱਧ ਹਰੇਕ 50 ਬੱਚਿਆਂ ਪਿਛੇ ਇੱਕ ਕੁੱਕ ਰੱਖਿਆ ਜਾਵੇ, ਹਰੇਕ ਵਰਕਰ ਦਾ 2 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ, ਕੁੱਕ ਵਰਕਰਾਂ ਪਾਸੋਂ ਸਕੂਲਾਂ ਦੀ ਜਬਰੀ ਸਫਾਈ ਕਰਵਾਉਣੀ ਬੰਦ ਕੀਤੀ ਜਾਵੇ ਅਤੇ ਹਰੇਕ ਸਕੂਲ ਨੂੰ ਘੱਟੋ-ਘੱਟ ਇੱਕ ਸਫਾਈ ਵਰਕਰ ਦਿੱਤੀ ਜਾਵੇ, ਵਰਕਰਾਂ ਨੂੰ ਸਾਲ ਵਿੱਚ ਦੋ ਵਾਰ ਵਰਦੀ ਦਿੱਤੀ ਜਾਵੇ।
Punjab Post Daily Online Newspaper & Print Media