ਨਾਨਕਸ਼ਾਹੀ ਕੈਲੰਡਰ ਦੇ ਮਸਲੇ ‘ਤੇ ਲਏ ਦ੍ਰਿੜ ਸਟੈਂਡ ਦੀ ਵੱਖ-ਵੱਖ ਆਗੂਆਂ ਨੇ ਕੀਤੀ ਭਰਵੀਂ ਸ਼ਲਾਘਾ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਜ਼ਬਰੀ ਹਟਾਏ ਜਾਣ ਉਪਰੰਤ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਆਪਣੀ ਰਿਹਾਇਸ਼ ਬਠਿੰਡਾ ਵਿਖੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਂ ਆਪਣੇ-ਆਪਣੇ ਆਪ ਨੂੰ ਜਰੂਰ ਦੁਹਰਾਉਂਦਾ ਹੈ। ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਦੀ ਕੌਮ ਨੂੰ ਲੋੜ ਕਿਉਂ ਹੈ ਇਸ ਵਿਸ਼ੇ ‘ਤੇ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਪਹਿਲਾਂ ਨਾਲੋਂ ਵੀ ਤੇਜ ਕੀਤੀ ਜਾਵੇਗੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦਿੱਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਇਹ ਸੀ ਕਿ ਨੰਦਗੜ੍ਹ ਨੇ ਕੋਠੀ ‘ਤੇ ਕਬਜ਼ਾ ਕਰਨ ਹਿੱਤ ਹੀ ਸਹਿਜ ਪਾਠ ਕਰਨ ਦਾ ਢੌਂਗ ਕਰਨਾ ਹੈ।
ਜਿਵੇਂ ਸ਼ੁਕਰਾਨਾ ਅਰਦਾਸ ਦੇ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੇਵਾ ਮੁਕਤ ਪ੍ਰੋ: (ਡਾ:) ਗੁਰਦਰਸ਼ਨ ਸਿੰਘ ਢਿੱਲੋਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦਿੱਤੇ ਜਾਣ ਦੀ ਘੋਰ ਨਿੰਦਾ ਕਰਦੇ ਹੋਏ, ਮੌਜੂਦਾ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਧੜੇ ਦੀ ਤੁਲਨਾ ਧੀਰਮੱਲੀਆਂ ਨਾਲ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖਤ ਬੀੜ ਦੇ ਦਰਸ਼ਨ ਕਰਨ ਲਈ ਮੰਗਵਾਈ ਤਾਂ ਉਨ੍ਹਾਂ ਵੀ ਬੀੜ ਦੇਣ ਤੋਂ ਨਾਂਹ ਕੀਤੀ ਸੀ ਤੇ ਅੱਜ ਦੇ ਧੀਰਮੱਲੀਏ ਤਖ਼ਤ ਦੇ ਇੱਕ ਸਾਬਕਾ ਜਥੇਦਾਰ ਜਿਸ ਨੂੰ ਕੱਲ੍ਹ ਤੱਕ ਸਰਬਉਚ ਕਿਹਾ ਜਾਂਦਾ ਸੀ, ਨੂੰ ਸਹਿਜ ਪਾਠ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਨਾਂਹ ਕਰਕੇ ਧੀਰਮੱਲ ਤੋਂ ਵੀ ਅੱਗੇ ਨਿਕਲ ਗਏ ਹਨ।ਉਨ੍ਹਾਂ ਕਿਹਾ ਜੇ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੀ ਇਸ ਘਟੀਆ ਕਾਰਵਾਈ ਦਾ ਕੌਮ ਨੇ ਵਿਰੋਧ ਨਾ ਕੀਤਾ ਤਾਂ ਕੱਲ੍ਹ ਨੂੰ ਐਸੀ ਸਥਿਤੀ ਆ ਸਕਦੀ ਹੈ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣ ਜਾਂ ਸਰੂਪ ਲੈਣ ਲਈ ਨਾਗਪੁਰ ਤੋਂ ਸਿਫਾਰਸ਼ ਕਰਵਾਉਣੀ ਪੈਣੀ ਹੈ।ਉਨ੍ਹਾਂ ਕਿਹਾ ਦਮਦਮਾ ਸਾਹਿਬ ਦੇ ਇਸੇ ਸਥਾਨ ਤੋਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਨੂੰ ਅਜ਼ਾਦ ਕਰਵਾਉੁਣ ਲਈ ਕੂਚ ਕੀਤਾ ਸੀ। ਹੁਣ ਗਿਆਨੀ ਨੰਦਗੜ੍ਹ ਨੂੰ ਚਾਹੀਦਾ ਹੈ ਕਿ ਉਹ ਧਰਮ ਨੂੰ ਪੰਥ ਵਿਰੋਧੀਆਂ ਤੋਂ ਅਜ਼ਾਦ ਕਰਵਾਉਣ ਲਈ ਲਕੀਰ ਖਿੱਚਣ ਤਾਂ ਸਮੁੱਚਾ ਪੰਥ ਉਨ੍ਹਾਂ ਦੇ ਨਾਲ ਚੱਲਣ ਨੂੰ ਤਿਆਰ ਹੈ।
ਸਾਬਕਾ ਜਥੇਦਾਰ ਨੇ ਫਿਰ 26 ਜਨਵਰੀ ਦੇ ਸਰਕਾਰੀ ਗਣਤੰਤਰ ਦਿਵਸ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਕੇ ਸਰਕਾਰ ਨੂੰ ਦੱਸ ਦੇਣ ਕਿ ਉਹ ਸਿੱਖ ਕੌਮ ਹੁਣ ਜਾਗ ਚੁੱਕੀ ਹੈ ਅਤੇ ਆਪਣੇ ਹੱਕ ਲੈਣ ਲਈ ਹਮੇਸ਼ਾ ਵਾਂਗੂ ਤਿਆਰ ਬਰ ਤਿਆਰ ਹੋ ਚੁੱਕੀ ਹੈ।ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ, ਧਾਰਮਿਕ ਅਤੇ ਰਾਜਸੀ ਪਾਰਟੀਆਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਕਿ ਉਹ ਇਕੋ ਸਟੇਜ ‘ਤੇ ਆ ਕੇ ਸਿੱਖ ਕੌਮ ਦੇ ਭਲੇ ਲਈ ਇੱਕ ਜੁੱਟ ਹੋ ਕੇ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲਣ।
Punjab Post Daily Online Newspaper & Print Media