ਅਧਿਆਪਕਾਂ ਦਾ ਕੋਈ ਮਸਲਾ ਅਧੂਰਾ ਨਹੀਂ ਰਹੇਗਾ- ਗੁਰਪ੍ਰੀਤ ਮਲੂਕਾ
ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ )- ਸਥਾਨਕ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਈ.ਟੀ.ਟੀ. ਅਧਿਆਪਕ ਯੂਨੀਅਨ ਨਾਲ ਹੰਗਾਮੀ ਮੀਟਿੰਗ ਕਰਦਿਆਂ ਅਧਿਆਪਕਾਂ ਦੇ ਪਿਛਲੇ ਕਾਫੀ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਮੌਕੇ ਤੇ ਹੀ ਸਬੰਧਿਤ ਅਧਿਕਾਰੀਆਂ ਤੇ ਨਾਲ ਨਾਲ ਉੱਚ ਅਧਿਕਾਰੀਆਂ ਨੂੰ ਵੀ ਫੌਰੀ ਤੌਰ ਤੇ ਹੱਲ ਕਰਨ ਲਈ ਕਿਹਾ। ਮੀਟਿੰਗ ਦੁਰਾਨ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਚੇਅਰਮੈਨ ਮਲੂਕਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤ ਮੰਤਰੀ ਹੋਣ ਅਤੇ ਸਿੱਖਿਆ ਮੰਤਰੀ ਦਾ ਤਜਰਬਾ ਹੋਣ ਦੇ ਨਾਂ ਤੇ ਸਿਕੰਦਰ ਸਿੰਘ ਮਲੂਕਾ ਨੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਕੇ 13000 ਅਧਿਆਪਕਾਂ ਤੇ 5 ਲੱਖ ਦੇ ਕਰੀਬ ਗਰੀਬ ਬੱਚਿਆਂ ਦਾ ਭਲਾ ਕਰਦਿਆਂ ਉਕਤ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਭੇਜ ਕੇ ਸਿੱਖਿਆ ਵਿਭਾਗ ਨੂੰ ਇੱਕ ਲੀਹ ਤੇ ਤੋਰਿਆ ਹੈ। ਹੁਣ ਯੂਨੀਅਨ ਨੂੰ ਪੂਰੀ ਆਸ ਉਮੀਦ ਹੈ ਕਿ ਸz ਮਲੂਕਾ ਦੇ ਹੁੰਦਿਆਂ ਅਧਿਆਪਕਾਂ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ। ਜ਼ਿਲ੍ਹਾ ਪੱਧਰੀ ਵਫ਼ਦ ਨੇ ਮਲੂਕਾ ਨੂੰ ਦੱਸਿਆ ਕਿ ਪੂਰੇ ਪੰਜਾਬ ਅੰਦਰ ਸਿੱਖਿਆ ਵਿਭਾਗ ਵਿੱਚ ਮਰਜ ਹੋਏ ਅਧਿਆਪਕਾਂ ਦੇ ਡੀ.ਏ. ਦੇ ਬਕਾਏ , ਮੈਡੀਕਲ ਕਲੇਮ , ਏ.ਸੀ.ਪੀ. ਬਕਾਏ, ਅਨਾਮਲੀ , ਟਾਈਮ ਬਾਰ ਹੋਏ ਬਿੱਲ ਅਜੇ ਬਾਕੀ ਹਨ। ਵਫ਼ਦ ਨੇ ਚੇਅਰਮੈਨ ਸਾਹਿਬ ਨੂੰ ਪੂਰੇ ਪੰਜਾਬ ਅੰਦਰ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਲਈ ਬਜਟ ਅਲਾਟ ਕਰਵਾਉਣ , ਟਾਈਮ ਬਾਰ ਬਿੱਲਾਂ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕੀਤੀ। ਜਿਸ ਦੇ ਮਲੂਕਾ ਨੇ ਉਕਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਣਯੋਗ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਚੰਡੀਗੜ੍ਹ ਨੂੰ ਫੋਨ ਰਾਹੀਂ ਤੁਰੰਤ ਸੰਦੇਸ਼ ਜਾਰੀ ਕੀਤੇ। ਇਸ ਸਮੇਂ ਬਠਿੰਡਾ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ ਨੂੰ ਸਾਰੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਤੁਰੰਤ ਹੱਲ ਕਰਨ ਤੇ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਵਫ਼ਦ ਨੂੰ ਮਜਾਕੀਆ ਲਹਿਜੇ ਵਿੱਚ ਉਲਾਂਭਾ ਵੀ ਦਿੱਤਾ ਕਿ ਅਸੀਂ ਕਦੇ ਕਿਸੇ ਵੀ ਕੰਮ ਤੋਂ ਨਾ ਨਹੀਂ ਕੀਤੀ। ਫੇਰ ਧਰਨੇ ਮੁਜਾਹਰੇ ਕਿਸ ਲਈ ? ਇਸ ਤੇ ਜ਼ਿਲ੍ਹਾ ਪ੍ਰਧਾਨ ਜੱਸੀ ਨੇ ਸੰਜੀਦਗੀ ਨਾਲ ਜੁਆਬ ਦਿੰਦਿਆਂ ਕਿਹਾ ਭਾਂਵੇ ਆਪ ਜੀ ਵੱਲੋਂ ਅਤੇ ਏ.ਡੀ. ਸੀ ਵਿਕਾਸ ਵੱਲੋਂ ਕੋਈ ਢਿੱਲ ਨਹੀਂ ਕੀਤੀ ਜਾ ਰਹੀ ਹੈ ਪਰ ਫੇਰ ਵੀ ਦਫਤਰੀ ਕੰਮਾਂ ਵਿੱਚ ਦੇਰੀ ਹੋਣ ਕਾਰਨ ਅਤੇ 31 ਮਾਰਚ ਦਾ ਸਮਾਂ ਨਜਦੀਕ ਹੋਣ ਕਾਰਨ ਅਧਿਆਪਕ ਚਿੰਤਤ ਹਨ, ਕਿਉਂਕਿ 31 ਮਾਰਚ ਤੋਂ ਬਾਅਦ ਈ.ਟੀ.ਟੀ. ਅਧਿਆਪਕਾਂ ਲਈ ਜਾਰੀ ਕੀਤੇ ਗਏ ਫੰਡਾਂ ਦੀ ਗ੍ਰਾਂਟ ਲੈਪਸ ਹੋ ਜਾਵੇਗੀ ਜਿਸਦੇ ਕਾਰਨ ਸਾਰੇ ਕੰਮ ਲੰਮੇ ਸਮੇਂ ਲਈ ਲਟਕ ਜਾਣ ਦਾ ਖਦਸ਼ਾ ਹੈ। ਪਰ ਸz ਮਲੂਕਾ ਨੇ ਕਿਹਾ ਕਿ ਜਦੋਂ ਤੱਕ ਮੈਂ ਬੈਠਾ ਹਾਂ ਉਦੋਂ ਤੱਕ ਅਧਿਆਪਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਤਪਰ ਹੈ। ਇਸ ਮੌਕੇ ਨਛੱਤਰ ਵਿਰਕ , ਅਰਜਣ ਢਿੱਲੋ , ਜਗਮੇਲ ਸਿੰਘ ਬਠਿੰਡਾ, ਨਰਪਿੰਦਰ ਨਿੱਪੀ, ਹਰਭਜਨ ਸਿੰਘ, ਸ਼ਸ਼ੀ ਕੁਮਾਰ, ਜੋਗਾ ਸਿੰਘ, ਗੁਰਪ੍ਰੀਤ ਸਿੰਘ ਸਕਿੰਟੂ, ਦੀਪ ਬਰਾੜ, ਰਾਜਿੰਦਰ ਸਿੰਘ ਗੋਨਿਆਣਾ , ਰਾਜ ਕੁਮਾਰ ਵਰਮਾਂ ਆਦਿ ਅਧਿਆਪਕ ਵੀ ਇੱਥੇ ਹਾਜ਼ਰ ਸਨ।