ਐੱਚ. ਬੀ. ਸਿੰਘ ਦੀ ਰਹਿਨੁਮਾਈ ਵਿੱਚ ਕਾਲਜ ਪਹੁੰਚੇਗਾ ਸਿਖ਼ਰਾਂ ‘ਤੇ – ਸ: ਛੀਨਾ

ਚਵਿੰਡਾ ਦੇਵੀ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਬਾਟਨੀ ਵਿਭਾਗ ਖ਼ਾਲਸਾ ਕਾਲਜ ਤੋਂ ਸੇਵਾ ਮੁਕਤ ਹੋਏ ਪ੍ਰੋ: ਐੱਚ. ਬੀ. ਸਿੰਘ ਨੂੰ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਨਵੇਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ। ਉਹ ਵੱਖ-ਵੱਖ ਅਹੁੱਦਿਆਂ ‘ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ 32 ਸਾਲ ਤੋਂ ਵੀ ਜਿਆਦਾ ਪੜਾਉਣ ਦਾ ਤਜਰਬਾ ਹਾਸਲ ਹੈ। ਉਨ੍ਹਾਂ ਅੱਜ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਯੋਗ ਅਗਵਾਈ ਹੇਠ ਆਪਣਾ ਅਹੁੱਦਾ ਸੰਭਾਲਿਆ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਮੌਜ਼ੂਦਾ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਦੇ ਸਿਹਤਯਾਬ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਨਵੇਂ ਖੁੱਲ੍ਹੇ ਕਾਲਜ ਵਾਸਤੇ ਯੋਗ ਉਮੀਦਵਾਰ ਦੀ ਜਰੂਰਤ ਸੀ ਤੇ ਉਨ੍ਹਾਂ ਨੇ ਡਾ. ਐੱਚ. ਬੀ. ਸਿੰਘ ਨੂੰ ਇਸ ਅਹੁੱਦੇ ਦੇ ਜਿੰਮੇਵਾਰੀ ਲਈ ਯੋਗ ਸਮਝਦੇ ਹੋਏ ਉਨ੍ਹਾਂ ਨੂੰ ਅੱਜ ਨਿਯੁਕਤ ਕੀਤਾ ਹੈ। ਡਾ. ਐੱਚ. ਬੀ. ਜੋ ਕਿ ਖਾਲਸਾ ਕਾਲਜ ਵਿੱਚ ਬਾਟਨੀ ਵਿਭਾਗ ਦੇ ਮੁੱਖੀ, ਐੱਨ. ਐੱਸ. ਐੱਸ. ਕੋਆਰਡੀਨੇਟਰ ਦੇ ਅਹੁੱਦੇ ‘ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ, ਵਿੱਦਿਆ ਦੇ ਖੇਤਰ ਅਤੇ ਪ੍ਰਸ਼ਾਸ਼ਨਿਕ ਕਾਰਜਾਂ ਕਰਕੇ ਜਾਣੇ ਜਾਂਦੇ ਹਨ। ਡਾ. ਐੱਚ. ਬੀ. ਸਿੰਘ ਨੇ ਅਹੁੱਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਜਿੱਥੇ ਮੈਨੇਜ਼ਮੈਂਟ ਜਿਸ ਵਿੱਚ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਤੇ ਸ: ਛੀਨਾ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਉਹ ਰਾਤ ਦਿਨ ਮਿਹਨਤ ਕਰਕੇ ਸਟਾਫ਼ ਦੇ ਸਹਿਯੋਗ ਨਾਲ ਕਾਲਜ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਖਾਲਸਾ ਕਾਲਜ ਚਵਿੰਡਾ ਦੇਵੀ ਦਾ ਮੁੱਖ ਮਕਸਦ ਪੇਂਡੂ ਖ਼ੇਤਰ ਦੇ ਲੋਕਾਂ ਖਾਸਕਰ ਕਰਕੇ ਲੜਕੀਆਂ ਲਈ ਉਚ ਪੱਧਰੀ ਵਿੱਦਿਆ ਹਾਸਲ ਕਰਵਾਉਣਾ ਹੈ, ਜਿਸ ਟੀਚੇ ਨੂੰ ਹਾਸਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਐੱਸ. ਐੱਸ. ਮੰਨਣ, ਮੈਂਬਰ ਐੱਸ. ਐੱਸ. ਛੀਨਾ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ, ਸਾਬਕਾ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਅਧਿਆਪਕ ਸਾਹਿਬਾਨ ਤੇ ਸਟਾਫ਼ ਮੈਂਬਰ ਮੌਜ਼ੂਦ ਸਨ।
Punjab Post Daily Online Newspaper & Print Media