
ਨਵੀਂ ਦਿੱਲੀ, 26 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਹੇਠ ਪ੍ਰਬੰਧਕਾਂ ਅਤੇ ਕਮੇਟੀ ਮੈਂਬਰਾਂ ਦੀ ਅੱਜ ਹੋਈ ਤਤਕਾਲ ਮੀਟਿੰਗ ਵਿੱਚ ਨੇਪਾਲ ਵਿੱਚ ਆਏ ਭੁਚਾਲ ਦੇ ਪੀੜ੍ਹਤਾਂ ਤੱਕ ਰਾਹਤ ਪਹੁੰਚਾਉਣ ਲਈ ਇਤਿਹਾਸ ਵਿੱਚ ਪਹਿਲੀ ਵਾਰ ਦਿੱਲੀ ਕਮੇਟੀ ਵੱਲੋਂ ਵਿਦੇਸ਼ ਵਿੱਚ ਲੰਗਰ ਲਗਾਉਣ ਦਾ ਇਤਿਹਾਸਕ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਦ ਮੀਡੀਆ ਨਾਲ ਗੱਲ ਕਰਦੇ ਹੋਏ ਜੀ.ਕੇ. ਨੇ ਕੱਲ ਸਵੇਰ ਦੀ ਪਹਿਲੀ ਫਲਾਇਟ ਰਾਹੀਂ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਉਂਕਾਰ ਸਿੰਘ ਥਾਪਰ ਦੀ ਪ੍ਰਧਾਨਗੀ ਹੇਠ ਕਾਠਮਾਂਡੂ ਵਿੱਚ ਬੇਸ ਕੈਂਪ ਸਥਾਪਿਤ ਕਰਨ ਦੇ ਲਈ ਟੀਮ ਭੇਜਣ ਦਾ ਐਲਾਣ ਕੀਤਾ। ਇਸ ਟੀਮ ਵਿੱਚ ਕਮੇਟੀ ਮੈਂਬਰ ਚਮਨ ਸਿੰਘ, ਸਮਰਦੀਪ ਸਿੰਘ ਸੰਨੀ ਅਤੇ ਕਮੇਟੀ ਸਟਾਫ ਦੇ 3 ਮੈਂਬਰ ਸ਼ਾਮਿਲ ਹਨ। ਇਹ ਟੀਮ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਦਿੱਲੀ ਤੋ ਜ਼ਰੂਰੀ ਸਮਾਨ ਤੇ ਸਟਾਫ ਮੰਗਵਾਉਣ ਦੀ ਸਿਫਾਰਿਸ਼ ਕਰੇਗਾ।
ਭਾਰਤ ਸਰਕਾਰ ਦੀ ਵਿਸ਼ੇਸ਼ ਬੇਨਤੀ ‘ਤੇ ਰਾਹਤ ਕਾਰਜ ਜਾਰੀ ਰਹਿਣ ਤੱਕ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਰੋਜ਼ਾਨਾ 25000 ਲੋਕਾਂ ਦੇ ਲਈ ਫੂਡ ਪੈਕੇਟ ਭੇਜਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਪਹਿਲੀ ਵਾਰ ਵਿਦੇਸ਼ ਦੀ ਧਰਤੀ ਕਾਠਮਾਂਡੂ ਵਿੱਚ ਰੋਜ਼ਾਨਾ ਲਗਭਗ 10 ਹਜ਼ਾਰ ਲੋਕਾਂ ਲਈ ਲੰਗਰ ਲਗਾਉਣ ਦਾ ਦਾਅਵਾ ਕੀਤਾ। ਨੇਪਾਲ ਤੋਂ ਇਲਾਵਾ ਬਿਹਾਰ ਵਿੱਚੇ ਕੁਦਰਤੀ ਕਰੋਪੀ ਦੇ ਪੀੜ੍ਹਤਾਂ ਦੀ ਮਦਦ ਲਈ ਵੀ ਪਟਨਾ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਪਹਿਲਾਂ ਉਤਰਾਖੰਡ ਅਤੇ ਕਸ਼ਮੀਰ ਵਿੱਚ ਰਾਹਤ ਕਾਰਜਾਂ ਵਿੱਚ ਰਾਸ਼ਟਰੀ ਆਪਦਾ ਰਾਹਤ ਬਲ ਨੂੰ ਦਿੱਤੇ ਸਹਿਯੋਗ ਅਤੇ ਦਿੱਲੀ ਵਿੱਚ ਜੰਤਰ-ਮੰਤਰ ‘ਤੇ ਰੋਜ਼ਾਨਾ ਦੁਪਹਿਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਦਿੱਤੇ ਜਾ ਰਹੇ ਲੰਗਰ ਦਾ ਵੀ ਹਵਾਲਾ ਦਿੱਤਾ। ਗੁਰਦੁਆਰਾ ਬੰਗਲਾ ਸਾਹਿਬ ਵਿੱਚ ਲੰਗਰ ਪਕਾਉਣ, ਪੈਕ ਕਰਨ ਅਤੇ ਭੇਜਣ ਦੇ ਲਈ ਅੱਜ ਤੋਂ ਹੀ ਕਮੇਟੀ ਵੱਲੋਂ ਪੂਰੇ ਪ੍ਰਬੰਧ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਇਸ ਭਲੇ ਦੇ ਕਾਰਜ ਵਿੱਚ ਹਿੱਸਾ ਪਾਉਣ ਦੇ ਲਈ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਪਰਕ ਕਰਨ ਦੀ ਬੇਨਤੀ ਵੀ ਕੀਤੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ‘ਤੇ ਲੰਗਰ ਸੇਵਾ ਕਮੇਟੀ ਵੱਲੋਂ ਲੰਗਰ ਲਾਉਣ ਦੀ ਗੱਲ ਕਰਦੇ ਹੋਏ ਜ਼ਰੂਰਤ ਪੈਣ ‘ਤੇ ਸੁੱਕਾ ਰਾਸ਼ਨ, ਦਵਾਈਆਂ, ਚਪਲਾਂ ਅਤੇ ਕੰਬਲ ਆਦਿ ਭੇਜਣ ਦਾ ਵੀ ਦਾਅਵਾ ਕੀਤਾ। ਸੰਸਾਧਨਾਂ ਦੀ ਵਿਵਸਥਾ ਬਾਰੇ ਪੁੱਛਣ ‘ਤੇ ਸਿਰਸਾ ਨੇ ਗੁਰੂ ਦੀ ਗੋਲਕ ਨੂੰ ਇਸ ਸੇਵਾ ਦੇ ਲਈ ਸਮਰਥ ਦੱਸਿਆ। ਸਿਰਸਾ ਨੇ ਕਿਹਾ ਕਿ ਸਿੱਖ ਕੌਮ ਦੀਆਂ ਗੁਰਦੁਆਰਾ ਕਮੇਟੀਆਂ ਬਿਨਾਂ ਕਿਸੀ ਸਰਕਾਰੀ ਮਦਦ ਤੋਂ ਸਮਾਜ ਕਲਿਆਣ ਅਤੇ ਰਾਸ਼ਟਰ ਸੇਵਾ ਲਈ ਸਦਾ ਤੱਤਪਰ ਰਹਿੰਦੀਆਂ ਹੋਈਆਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਸਮਰਥ ਹਨ। ਮੀਟਿੰਗ ਤੋਂ ਬਾਅਦ ਜਥੇਦਾਰ ਥਾਪਰ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ਸਥਿਤ ਨੇਪਾਲੀ ਰਾਜਦੂਤ ਨਾਲ ਇੱਕ ਪ੍ਰਤੀਨਿਧ ਮੰਡਲ ਨੇ ਮੁਲਾਕਾਤ ਕਰਕੇ ਦਿੱਲੀ ਕਮੇਟੀ ਵੱਲੋਂ ਮਾਨਵਤਾ ਦੇ ਆਧਾਰ ‘ਤੇ ਕੀਤੀ ਜਾ ਮਦਦ ਦਾ ਹਾਵਾਲਾ ਦਿੰਦੇ ਹੋਏ ਨੇਪਾਲੀ ਸਰਕਾਰ ਤੋਂ ਕਮੇਟੀ ਨੂੰ ਭਰਪੂਰ ਸਹਿਯੋਗ ਮਿਲਣ ਦੀ ਉਮੀਦ ਕੀਤੀ। ਇਸ ਮੌਕੇ ‘ਤੇ ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਕੁਲਵੰਤ ਸਿੰਘ ਬਾਠ, ਕੁਲਮੋਹਨ ਸਿੰਘ, ਜਤਿੰਦਰ ਸਿੰਘ ਗੋਲਡੀ, ਦਰਸ਼ਨ ਸਿੰਘ, ਚਮਨ ਸਿੰਘ, ਪਰਮਜੀਤ ਸਿੰਘ ਰਾਣਾ ਅਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਆਦਿ ਵੀ ਮੌਜ਼ੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media