Friday, November 22, 2024

ਬਟਾਲਾ ਦੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਨਿਰਮਾਣ ਕਾਰਜ ਆਖਰੀ ਪੜਾਅ ‘ਤੇ ਪਹੁੰਚੇ

ਪਸ਼ੂ ਪਾਲਕਾਂ ਨੂੰ ਪਸ਼ੂ ਮੇਲਾ ਗਰਾਉਂਡ ‘ਚ ਉਪਲੱਬਧ ਹੋਣਗੀਆਂ ਸਾਰੀਆਂ ਸਹੂਲਤਾਂ

PPN0906201505

ਬਟਾਲਾ, 9 ਜੂਨ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ 5.44 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦਾ ਕੰਮ ਆਖਰੀ ਪੜਾਅ ਵਿੱਚ ਪਹੁੰਚ ਗਿਆ ਅਤੇ ਛੇਤੀ ਹੀ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਬਟਾਲਾ ਦੇ ਕੁਤਬੀਨੰਗਲ ਵਿਖੇ 16 ਏਕੜ ਰਕਬੇ ‘ਚ ਬਣ ਰਹੀ ਇਸ ਆਧੁਨਿਕ ਪਸ਼ੂ ਮੇਲਾ ਗਰਾਉਂਡ ‘ਤੇ ਸੂਬਾ ਸਰਕਾਰ ਵੱਲੋਂ 5.44 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਪਸ਼ੂ ਮੇਲਾ ਗਰਾਊਂਡ ਦਾ 70 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਗਿਆ ਹੈ ਅਤੇ ਰਹਿੰਦੇ ਕੰਮ ਨੂੰ ਛੇਤੀ ਹੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਾਉਂਡ ਵਿੱਚ 12 ਸ਼ੈੱਡ ਲਗਭਗ ਬਣ ਕੇ ਤਿਆਰ ਹੋ ਗਏ ਹਨ ਅਤੇ ਇਨ੍ਹਾਂ ਸੈੱਡਾਂ ਵਿੱਚ ਖੁਰਲੀਆਂ ਬਣਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਖੁਰਲੀਆਂ ਨੂੰ ਖੂਬਸੂਰਤ ਅਤੇ ਮਜਬੂਤ ਬਣਾਉਣ ਲਈ ਵਧੀਆ ਕਿਸਮ ਦਾ ਮਰਬਲ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਪਸ਼ੂਆਂ ਲਈ 4 ਲੋਡਿੰਗ ਅਨਲੋਡਿੰਗ ਪਲੇਟਫਾਰਮ, ਲੈਂਡਿੰਗ ਰੈਂਪ, ਪਸ਼ੂਆਂ ਦੇ ਪਾਣੀ ਲਈ 2 ਵੱੱਡੀਆਂ ਖੁਰਲੀਆਂ ਵੀ ਬਣਾਈਆਂ ਜਾ ਚੁੱਕੀਆਂ ਹਨ। ਪਸ਼ੂ ਮੇਲਾ ਗਰਾਉਂਡ ਵਿੱਚ ਸ਼ੁੱਧ ਤੇ ਸਾਫ ਪਾਣੀ ਮੁਹੱਈਆ ਕਰਾਉਣ ਲਈ 50 ਹਜਾਰ ਲੀਟਰ ਦੀ ਇੱਕ ਪਾਣੀ ਵਾਲੀ ਟੈਂਕੀ ਵੀ ਬਣ ਗਈ ਹੈ ਅਤੇ ਇਸਦੀ ਸਪਲਾਈ ਸ਼ੁਰੂ ਹੋ ਗਈ ਹੈ। ਪਸ਼ੂ ਮੇਲਾ ਗਰਾਉਂਡ ਦੇ ਚਾਰੇ ਪਾਸੇ ਉੱਚੀ ਤੇ ਮਜਬੂਤ ਚਾਰਦਿਵਾਰੀ ਕੀਤੀ ਗਈ ਹੈ ਤਾਂ ਜੋ ਮੇਲਾ ਗਰਾਉਂਡ ‘ਚੋਂ ਪਸ਼ੂ ਬਾਹਰ ਨਾ ਜਾ ਸਕਣ। ਐੱਸ.ਡੀ.ਐੱਮ. ਸ. ਬੱਲ ਨੇ ਕਿਹਾ ਕਿ ਪਸ਼ੂ ਮੇਲਾ ਗਰਾਉਂਡ ‘ਚ ਪਸ਼ੂਆਂ ਦੇ ਨਾਲ ਕਿਸਾਨਾਂ ਤੇ ਪਸ਼ੂ ਪਾਲਕਾਂ ਦੀਆਂ ਸਹੂਲਤਾਂ ਦਾ ਵੀ ਖਿਆਲ ਰੱਖਿਆ ਗਿਆ ਹੈ ਜਿਸ ਤਹਿਤ ਪਸ਼ੂ ਪਾਲਕਾਂ ਦੇ ਰਹਿਣ ਦਾ ਪ੍ਰਬੰਧ, ਇਸਨਾਨ ਘਰ ਅਤੇ ਪਬਲਿਕ ਟਾਇਲਟਸ ਵੀ ਬਣਾਈਆਂ ਜਾ ਰਹੀਆਂ ਹਨ। ਪਸ਼ੂ ਮੇਲਾ ਗਰਾਉਂਡ ਨੂੰ ਪੱਕਿਆਂ ਕਰਨ ਤੋਂ ਇਲਾਵਾ ਇਸਦਾ ਖੂਬਸੂਰਤ ਗੇਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੇਲਾ ਗਰਾਉਂਡ ਦੇ ਗੇਟ ‘ਤੇ ਦਾਖਲਾ ਦਫਤਰ ਤੇ ਰਜ਼ਿਸਟਰੇਸ਼ਨ ਰੂਮ ਵੀ ਉਸਾਰੀ ਅਧੀਨ ਹਨ। ਇਸਤੋਂ ਇਲਾਵਾ ਗੇਟ ਦੇ ਬਾਹਰਵਾਰ ਪਾਰਕਿੰਗ ਬਣਾਈ ਜਾ ਰਹੀ ਹੈ। ਐੱਸ.ਡੀ.ਐੱਮ ਨੇ ਕਿਹਾ ਕਿ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ ਜ਼ਿਲ੍ਹਾ ਗੁਰਦਾਸਪੁਰ ਦੀ ਪਹਿਲੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਹੈ ਅਤੇ ਇਹ ਪਸ਼ੂ ਮੰਡੀ ਪਸ਼ੂਆਂ ਦੇ ਵਪਾਰ ਲਈ ਮਾਝੇ ‘ਚ ਇੱਕ ਪ੍ਰਮੁੱਖ ਵਪਾਰਕ ਸਥਾਨ ਹੋ ਨਿਬੜੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply