
ਅੰਮ੍ਰਿਤਸਰ, 9 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਅੱਜ ਇਥੇ ਵਾਈਸ-ਚਾਂਸਲਰ ਪ੍ਰੋ. ਬਰਾੜ ਨੂੰ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਚਹੁਮੁਖੀ ਵਿਕਾਸ ਵਿਚ ਵਡਮੁੱਲੇ ਯੋਗਦਾਨ ਸਦਕਾ, ਉਨ੍ਹਾਂ ਦੇ ਸੇਵਾ-ਕਾਲ ਵਿਚ ਤਿੰਨ ਸਾਲਾਂ ਦਾ ਹੋਰ ਵਾਧਾ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਪੰਜਾਬ ਦੇ ਮੁੁੱਖ-ਮੰਤਰੀ, ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਪ੍ਰੋ. ਬਰਾੜ ਨੂੰ ਵਧਾਈ ਦਿੱਤੀ।
ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋ. ਏ.ਐਸ. ਸਿੱਧੂ ਅਤੇ ਪ੍ਰੋ. ਜਗਰੂਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਪ੍ਰੋ. ਬਰਾੜ ਦੀ ਯੋਗ ਅਗਵਾਈ ਹੇਠ ਸੈਂਟਰ ਫਾਰ ਐਕਸੀਲੈਂਸ ਦਾ ਦਰਜਾ ਹਾਂਸਲ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਬਰਾੜ ਦੀ ਮਿਹਨਤ ਸਦਕਾ ਯੂਨੀਵਰਸਿਟੀ ਵਿਚ ਚੁਆਇਸ ਬੇਸਡ ਕਰੈਡਿਟ ਸਿਸਟਮ ਲਾਗੂ ਕਰਕੇ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਇਆ ਗਿਆ ਅਤੇ ਯੂਨੀਵਰਸਿਟੀ ਨੂੰ ਨੈਕ ਵੱਲੋਂ ਕੀਤੀ ਗਏ ਮੁੜ-ਮੁਲਾਂਕਣ ‘ਤੇ ‘ਏ’ ਗਰੇਡ ਦਾ ਦਰਜਾ ਪ੍ਰਾਪਤ ਹੋਇਆ।
ਪ੍ਰੋ. ਕੇ.ਜੇ. ਸਿੰਘ, ਡਾ. ਸੰਦੀਪ ਸ਼ਰਮਾ ਅਤੇ ਡਾ. ਦਰਿਆ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਯੂਨੀਵਰਸਿਟੀ ਵਿਚ ਪ੍ਰੋ. ਬਰਾੜ ਵੱਲੋਂ ਸਥਾਪਿਤ ਕੀਤੇ ਗਏ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਸਦਕਾ ਯੂਨੀਵਰਸਿਟੀ ਭਵਿੱਖ ਵਿਚ ਹੋਰ ਬੁਲੰਦੀਆਂ ਨੂੰ ਛੂਹੇਗੀ। ਪ੍ਰੋ. ਦਲਬੀਰ ਸਿੰਘ ਸੋਗੀ ਨੇ ਪ੍ਰੋ. ਬਰਾੜ ਵੱਲੋਂ ਇੰਸਟਰੂਮੈਂਟੇਸ਼ਨ ਪ੍ਰਯੋਗਸ਼ਾਲਾ ਅਤੇ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਾਰਜ ਕੀਤੇ।
ਇਸ ਤੋਂ ਪਹਿਲਾਂ ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋ. ਹਰੀਸ਼ ਸ਼ਰਮਾ, ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ, ਡਾ. ਜਸਪਾਲ ਸਿੰਘ ਰੰਧਾਵਾ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਜਲੰਧਰ ਅਤੇ ਡਾ. ਰਾਕੇਸ਼ ਮੋਹਨ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਨਿਆੜੀ ਅਤੇ ਨਰੋਟ ਜੈਮਲ ਸਿੰਘ ਨੇ ਪ੍ਰੋ. ਬਰਾੜ ਦੇ ਕਾਰਜਕਾਲ ਵਿਚ ਹੋਏ ਵਾਧੇ ਦੀ ਸ਼ਲਾਘਾ ਕੀਤੀ ਅਤੇ ਪ੍ਰੋ. ਬਰਾੜ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੋ. ਬਰਾੜ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਦੇ ਵਿਕਾਸ ਵਿਚ ਉਹ ਆਪਣਾ ਹਰ ਸੰਭਵ ਯੋਗਦਾਨ ਪਾਉਂਦੇ ਰਹਿਣਗੇ। ਪ੍ਰੋ. ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਭਾਈਚਾਰੇ ਤੋਂ ਯੂਨੀਵਰਸਿਟੀ ਦੇ ਹੋਰ ਵਿਕਾਸ ਲਈ ਯੋਗਦਾਨ ਦੀ ਮੰਗ ਕੀਤੀ।
Punjab Post Daily Online Newspaper & Print Media