
ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਬਟਾਲਾ ਵਿਖੇ ਭਰਤੀ ਮੁਹਿੰਮ 15 ਜੂਨ ਨੂੰ ਆਰੰਭ ਕੀਤੀ ਜਾਵੇਗੀ।ਬਟਾਲਾ ਹਲਕੇ ਵਿੱਚ ਯੂਥ ਅਕਾਲੀ ਦੀ ਭਰਤੀ ਮੁਿਹੰਮ ਦਾ ਅਗਾਜ਼ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਅਤੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਕਰਨਗੇ।ਇਹ ਜਾਣਕਾਰੀ ਦਿੰਦਿਆਂ ਹਲਕਾ ਬਟਾਲਾ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਦੱਸਿਆ ਕਿ 15 ਜੂਨ ਨੂੰ ਸਵੇਰੇ 10:30 ਵਜੇ ਜਲੰਧਰ ਰੋਡ ਬਟਾਲਾ ਸਥਿਤ ਢੀਂਡਸਾ ਪੈਲਸ ਵਿਖੇ ਹਲਕੇ ਦੇ ਨੌਜਵਾਨਾਂ ਦਾ ਵਿਸ਼ਾਲ ਇਕੱਠ ਹੋਵੇਗਾ ਜਿਸ ਵਿੱਚ ਸ. ਬੁਲਾਰੀਆ ਵੱਲੋਂ ਯੂਥ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।ਸ. ਲੋਧੀਨੰਗਲ ਨੇ ਕਿਹਾ ਕਿ ਬਟਾਲਾ ਸ਼ਹਿਰ ਸਮੇਤ ਸਮੁੱਚੇ ਹਲਕੇ ‘ਚ ਅਕਾਲੀ ਦਲ ਦਾ ਅਧਾਰ ਬਹੁਤ ਮਜਬੂਤ ਹੈ ਅਤੇ ਹੁਣ ਹੋਰ ਨੌਜਵਾਨਾਂ ਦੇ ਪਾਰਟੀ ਨਾਲ ਜੁੜਨ ਨਾਲ ਪਾਰਟੀ ਨੂੰ ਨਵੀਂ ਤਾਕਤ ‘ਤੇ ਜੋਸ਼ ਮਿਲੇਗਾ। ਉਨ੍ਹਾਂ ਕਿਹਾ ਕਿ ਯੂਥ ਵਿੰਗ ਵਿੱਚ ਬਟਾਲਾ ਹਲਕੇ ਤੋਂ ਨੌਜਵਾਨਾਂ ਦੀ ਰਿਕਾਰਡ ਤੋੜ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਥ ਦੀ ਭਰਤੀ ਸਬੰਧੀ ਯੂਥ ਅਕਾਲੀ ਦਲ ਵੱਲੋਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ ਅਤੇ ਢੀਂਡਸਾ ਪੈਲਸ ਨੌਜਵਾਨਾਂ ਦਾ ਬੇਮਿਸਾਲ ਇਕੱਠ ਦੇਖਣ ਨੂੰ ਮਿਲੇਗਾ। ਸ. ਲੋਧੀਨੰਗਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੂਬੇ, ਦੇਸ ਅਤੇ ਕੌਮ ਦੀ ਸੇਵਾ ਕਰਨ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਹਿਰੇਦਾਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਮੈਂਬਰ ਬਣ ਕੇ ਲੋਕ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਪਾਰਟੀ ਦੀ ਤਾਕਤ ਹੈ ਅਤੇ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਦੇ ਮਾਣ ਸਨਮਾਨ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਸ. ਲੋਧੀਨੰਗਲ ਨੇ ਬਟਾਲਾ ਹਲਕੇ ਦੇ ਨੌਜਵਾਨਾਂ ਨੂੰ 15 ਜੂਨ ਨੂੰ ਠੀਕ ਸਵੇਰੇ 10:30 ਵਜੇੇ ਬਟਾਲਾ ਦੇ ਢੀਂਡਸਾ ਪੈਲੇਸ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ, ਬਟਾਲਾ ਸਰਕਲ ਦੇ ਪ੍ਰਧਾਨ
ਬਲਬੀਰ ਸਿੰਘ ਬਿੱਟੂ, ਇਕਬਾਲ ਸਿੰਘ ਸਹਿਮੀ, ਕਰਨਦੀਪ ਸਿੰਘ ਸੋਹਲ, ਹਰਭਜਨ ਸਿੰਘ ਤੂਰ, ਮਾਸਟਰ ਗੁਰਦੇਵ ਸਿੰਘ ਤੋਂ ਇਲਾਵਾ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ।
Punjab Post Daily Online Newspaper & Print Media