ਕਿਹਾ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕੱਟੇ ਪੁਲਿਸ

ਅੰਮ੍ਰਿਤਸਰ, 12 ਜੂਨ (ਗੁਰਚਰਨ ਸਿੰਘ) – ਸਥਾਨਕ ਨਗਰ ਨਿਗਮ ਵਲੋਂ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ ਗਲਤ ਹੈ ਕਿਉਂਕਿ ਇਹ ਨੰਗੀਆਂ ਕੂੜੇ ਵਾਲੀਆਂ ਟ੍ਰਾਲੀਆਂ ਸ਼ਹਿਰ ਵਿਚ ਬਦਬੂ ਫੈਲਾਉਂਦੀਆਂ ਹਨ ਤੇ ਸ਼ਹਿਰ ਦੀ ਆਨ ਤੇ ਸ਼ਾਨ ਨੂੰ ਕਲੰਕਤ ਕਰਦੀਆਂ ਹਨ।ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਇਨ੍ਹਾਂ ਦੀ ਵਪਾਰਕ ਕੰਮਾਂ ਲਈ ਪਾਬੰਦੀ ਲਾਈ ਹੋਈ। ਇਨ੍ਹਾਂ ਦੀ ਵਰਤੋਂ ਕਰਨਾ ਗ਼ੈਰ-ਕਾਨੂੰਨੀ ਹੈ।ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਸਥਾਨਕ ਸਰਕਾਰ ਤੇ ਮੈਡੀਕਲ ਐਜੂਕੇਸ਼ਨ ਮੰਤਰੀ ਸ੍ਰੀ ਅਨਿਲ ਜੋਸ਼ੀ, ਜਿਨ੍ਹਾਂ ਅਧੀਨ ਨਗਰ ਨਿਗਮ ਆਉਂਦੀ ਹੈ, ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਅੰਮ੍ਰਿਤਸਰ ਨਗਰ ਨਿਗਮ ਲਈ ਕੂੜਾ ਕਰਕਟ ਢੋਣ ਲਈ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਕੂੜਾ ਕਰਕਟ ਢੋਣ ਲਈ ਵਰਤੇ ਜਾ ਰਹੇ ਟਰੱਕ ਖ੍ਰੀਦੇ ਜਾਣ।ਜਿੰਨੀ ਦੇਰ ਤੀਕ ਇਹ ਟਰਕ ਖ਼੍ਰੀਦੇ ਨਹੀਂ ਜਾਂਦੇ ਓਨੀਂ ਦੇਰ ਤੀਕ ਕਿਸੇ ਪ੍ਰਾਈਵੇਟ ਕੰਪਨੀ ਪਾਸੋਂ ਇਹ ਟਰਕ ਕਿਰਾਏ ‘ਤੇ ਲਏ ਜਾਣ।ਪੰਜਾਬ ਸਰਕਾਰ ਨੇ ਅਰਬਾਂ ਰੁਪਏ ਅੰਮ੍ਰਿਤਸਰ ਸ਼ਹਿਰ ਦੀਆਂ ਜਾਇਦਾਦਾਂ ਵੇਚ ਕੇ ਵਟੇ ਹਨ, ਇਸ ਲਈ ਟਰੱਕਾਂ ਨੂੰ ਖ਼੍ਰੀਦਣਾ ਕੋਈ ਮੁਸ਼ਕਲ ਨਹੀਂ।ਸ਼ਹਿਰ ਵਿਚ ਪਹਿਲਾਂ ਪ੍ਰਾਈਵੇਟ ਕੰਪਨੀ ਇਨ੍ਹਾਂ ਟਰੱਕਾਂ ਦੀ ਵਰਤੋਂ ਕਰਦੀ ਰਹੀ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਟ੍ਰੈਫ਼ਿਕ ਪੁਲੀਸ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕਿਉਂ ਨਹੀਂ ਕਟਦੀ? ਟ੍ਰੈਫ਼ਿਕ ਪੁਲੀਸ ਕੇਵਲ ਕਾਰਾਂ, ਸਕੂਟਰਾਂ ਤੇ ਮੋਟਰ ਸਾਈਕਲਾਂ ਦੇ ਹੀ ਚਲਾਣ ਕਟਦੀ ਹੈ।ਇੰਝ ਟ੍ਰੈਫ਼ਿਕ ਪੁਲਿਸ ਬਣਦੀ ਡਿਊਟੀ ਨਹੀਂ ਦੇ ਰਹੀ।ਪੁਲੀਸ ਕਮਿਸ਼ਨਰ ਨੂੰ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
Punjab Post Daily Online Newspaper & Print Media