
ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਤਿੰਨ ਦਿਨੀ ਭਵਿੱਖ ਸਲਾਹ ਮੇਲੇ ਵਿੱਚ ਅੱਜ ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਕਮਰ ਅਹਿਮਦ ਨੇ ਘੱਟ ਗਿਣਤੀ ਕੌਮਾ ਦੇ ਬੱਚਿਆਂ ਨੂੰ ਸਰਕਾਰੀ ਫੀਸ ਮਾਫੀ ਤੇ ਵਜੀਫਾ ਸਕੀਮਾ ਦੀ ਜਾਣਕਾਰੀ ਦੇਣ ਵਾਸਤੇ ਸਰਕਾਰ ਅਤੇ ਦਿੱਲੀ ਕਮੇਟੀ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। ਅਹਿਮਦ ਨੇ ਦਿੱਲੀ ਕਮੇਟੀ ਦੀ ਮਾਇਨੋਰਟੀ ਅਵੈਅਰਨੈਸ ਸੈਕਸ਼ਨ ਦੀ ਕਾਰਗੁਜ਼ਾਰੀ ‘ਤੇ ਖੂਸ਼ੀ ਜਤਾਉਂਦੇ ਹੋਏ ਕਮੇਟੀ ਵੱਲੋਂ ਘੱਟ ਗਿਣਤੀ ਕੌਮਾ ਦੇ ਬੱਚਿਆਂ ਲਈ ਬੀਤੇ 2 ਸਾਲ ਤੋਂ ਕੀਤੇ ਗਏ ਕਾਰਜਾਂ ਨੂੰ ਮੀਲ ਦਾ ਪੱਥਰ ਵੀ ਦੱਸਿਆ। ਕਮੇਟੀ ਵੱਲੋਂ ਆਪਣੇ ਨੋਡਲ ਅਫਸਰਾਂ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਏ ਜਾ ਰਹੇ ਜਾਗਰੁਕਤਾ ਕੈਂਪਾ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ। ਸੈਕਸ਼ਨ ਦੀ ਇੰਚਾਰਜ ਬੀਬੀ ਰਣਜੀਤ ਕੌਰ, ਅਕਾਲੀ ਆਗੂ ਵਿਕਰਮ ਸਿੰਘ ਲਾਜਪਤ ਨਗਰ, ਕਮੇਟੀ ਦੇ ਆਈ.ਟੀ. ਮੁਖੀ ਵਿਕ੍ਰਮ ਸਿੰਘ ਰੋਹਿਣੀ ਅਤੇ ਸੇਵਕ ਜਥੇ ਦੇ ਮੁੱਖੀ ਹਰਚਰਨ ਸਿੰਘ ਗੁਲਸ਼ਨ ਵੱਲੋਂ ਅਹਿਮਦ ਨੂੰ ਸਿਰਪਾਓ, ਸ਼ਾਲ ਅਤੇ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ ਗਿਆ। ਬੀਬੀ ਰਣਜੀਤ ਕੌਰ ਵੱਲੋਂ ਕਮੀਸ਼ਨ ਵੱਲੋਂ ਕਮੇਟੀ ਨੂੰ ਦਿੱਤੇ ਜਾ ਰਹੇ ਲੋੜਿੰਦਾ ਸਹਿਯੋਗ ਲਈ ਧੰਨਵਾਦ ਵੀ ਜਤਾਇਆ ਗਿਆ।
Punjab Post Daily Online Newspaper & Print Media