
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ ਬਿਊਰੋ) ਦੱਖਣੀ ਭਾਰਤ ਦੇ ਸੂਬੇ ਕਰਨਾਟਕਾ ਦੀ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਹੇ ਭਾਈ ਗੁਰਦੀਪ ਸਿੰਘ ਖੈੜਾ ਨੂੰ 25-26 ਜੂਨ ਦੀ ਰਾਤ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਤਾਂ ਕਰ ਦਿੱਤਾ ਗਿਆ, ਪਰ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਬਜੁੱਰਗ ਪਿਤਾ ਸ੍ਰ. ਬੰਤਾ ਸਿੰਘ ਅਤੇ ਮਾਤਾ ਜਗੀਰ ਕੌਰ ਨੂੰ ਜੇਲ੍ਹ ਪ੍ਰਸ਼ਾਸ਼ਨ ਦੇ ਵਤੀਰੇ ਕਾਰਣ ਵਾਪਸ ਪਰਤਣਾ ਪਿਆ।ਭਾਈ ਗੁਰਦੀਪ ਸਿੰਘ ਖੈੜਾ ਮਾਤਾ ਪਿਤਾ ਦਮਦਮੀ ਟਕਸਾਲ ਸੰਗਰਾਵਾਂ ਦੇ ਭਾਈ ਰਾਜਨਦੀਪ ਸਿੰਘ, ਬਾਬਾ ਸੁਖਵੰਤ ਸਿੰਘ ਜਲਾਲਾਬਾਦ, ਭਾਈ ਸਤਨਾਮ ਸਿੰਘ ਕਾਹਲੋਂ, ਅਕਾਲੀ ਦਲ ਅੰਮ੍ਰਿਤਸਰ ਦੇ ਸ੍ਰ. ਜਰਨੈਲ ਸਿੰਘ ਸਖੀਰਾ ਦੇ ਨਾਲ ਸਵੇਰੇ ਹੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਮੁੱਖ ਗੇਟ ਤੇ ਪੁੱਜ ਗਏ ਸਨ, ਲੇਕਿਨ ਜੇਲ੍ਹ ਪ੍ਰਸ਼ਾਸ਼ਨ ਨੇ ਇਹ ਕਹਿੰਦਿਆਂ ਉਨ੍ਹਾਂ ਨੂੰ ਭਾਈ ਖੈੜਾ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਨਾ ਦਿੱਤੀ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਭਾਈ ਖੈੜਾ ਦੀ ਮੁਲਾਕਾਤ ਸ਼ਨੀਵਾਰ ਹੀ ਹੋਵੇਗੀ।
ਉਧਰ ਮੁਲਾਕਾਤ ਕਰਨ ਆਏ ਭਾਈ ਖੈੜਾ ਦੇ ਬਜੁੱਰਗ ਮਾਤਾ ਪਿਤਾ ਲਈ ਅੱਜ ਦਾ ਦਿਨ ਹੋਰ ਵੀ ਅਹਿਮ ਸੀ ਕਿਉਂਕਿ ਉਹ 8 ਸਾਲ ਬਾਅਦ ਆਪਣੇ ਪੁੱਤਰ ਦਾ ਮੂੰਹ ਵੇਖਣ ਜਾ ਰਹੇ ਸਨ।ਪਿਤਾ ਸ੍ਰ ਬੰਤਾ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਜੱਗ ਦਿਖਾਈ ਲਈ ਹੀ ਪੁੱਤਰ ਦੇ ਵਿਛੋੜੇ ਅਤੇ ਮਿਲਾਪ ਦੀ ਆਸ ਵਿੱਚ ਚੁੱਪ ਚਾਪ ਦਿਨ ਕੱਟੀ ਜਾ ਰਿਹਾ ਹੈ ਲੇਕਿਨ ਉਸ ਦੀ ਮਾਤਾ ਨੇ ਤਾਂ ਐਨੇ ਵਰ੍ਹੇ ਹਰ ਦਿਨ ਆਪਣੇ ਬੱਚੇ ਦੀ ਯਾਦ ਵਿੱਚ ਹੰਝੂ ਵਹਾਏ ਹਨ ।
ਸ੍ਰ. ਬੰਤਾ ਸਿੰਘ ਨੇ ਦੱਸਿਆ ਕਿ 8 ਸਾਲ ਪਹਿਲਾਂ ਉਨਾਂ ਦਾ ਪੁੱਤਰ ਗੁਰਦੀਪ ਸਿੰਘ, ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਤੇ ਆਇਆ ਸੀ, ਪਰ ਉਸ ਤੋਂ ਬਾਅਦ ਵੀ ਕਰਨਾਟਕਾ ਮੁਲਾਕਾਤ ਲਈ ਨਹੀ ਜਾ ਸਕੇ।ਤੁਰਨ ਤੋਂ ਲਾਚਾਰ ਮਾਤਾ ਜਗੀਰ ਕੌਰ ਬੜੀ ਮੁਸ਼ਕਿਲ ਨਾਲ ਵਾਕਰ ਨਾਲ ਜੇਲ੍ਹ ਪੁਜੇ ਸਨ ਤੇ ਨਿਗਾਹ ਸਿਰਫ ਜੇਲ੍ਹ ਦੇ ਗੇਟ ਵੱਲ ਸੀ।ਭਾਈ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਬਾਰੇ ਮਾਤਾ ਦਾ ਕਹਿਣਾ ਸੀ ਕਿ, ਉਸ ਦਾ ਕਸੂਰ ਇਹੀ ਸੀ ਕਿ ਉਹ ਫੈਡਰੇਸ਼ਨ ਦਾ ਵਰਕਰ ਸੀ, ਲੇਕਿਨ 25 ਸਾਲ ਬੀਤਣ ‘ਤੇ ਵੀ ਕਿਸੇ ਨੇ ਸਾਰ ਨਹੀਂ ਲਈ ਤੇ ਉਹਨਾਂ ਵਿੱਚ ਵੀ ਕਰਨਾਟਕਾ ਜਾ ਕੇ ਮੁਲਾਕਾਤਾਂ ਤੱਕ ਕਰਨ ਦੀ ਉਨਾਂ ਵਿੱਚ ਹਿੰਮਤ ਵੀ ਨਹੀ ਸੀ, ਹੁਣ ਪੁੱਤਰ ਨੇੜੇ ਆ ਗਿਆ, ਤਾਂ ਮੁਲਾਕਾਤ ਦੀ ਆਸ ਸੀ, ਲੇਕਿਨ ਅਜੇ ਇੱਕ ਦਿਨ ਹੋਰ ਇੰਤਜਾਰ ਕਰਨਾ ਪਵੇਗਾ।
ਇਸੇ ਦੋਰਾਨ ਜਾਣਕਾਰੀ ਮਿਲੀ ਹੈ ਕਿ ਤੜਕਸਾਰ ਕੇਂਦਰੀ ਜੇਲ੍ਹ ਪੁੱਜੇ ਭਾਈ ਗੁਰਦੀਪ ਸਿੰਘ ਖੈੜਾ ਦਾ ਅੱਜ ਸਵੇਰੇ ਤਕਰੀਬਨ 11.00 ਵਜੇ ਜੇਲ੍ਹ ਵਿੱਚ ਹੀ ਮੈਡੀਕਲ ਚੈੱਕਅੱਪ ਕੀਤਾ ਗਿਆ।ਸੂਚਨਾ ਅਨੁਸਾਰ ਫਿਲਹਾਲ ਭਾਈ ਗੁਰਦੀਪ ਸਿੰਘ ਖੈੜਾ ਨੂੰ ਭਾਈ ਨਰੈਣ ਸਿੰਘ ਚੌੜਾ ਵਾਲੀ ਚੱਕੀ ਵਿੱਚ ਹੀ ਰੱਖਿਆ ਗਿਆ ਹੈ।
Punjab Post Daily Online Newspaper & Print Media