
ਪਠਾਨਕੋਟ, 26 ਜੂਨ (ਪ.ਪ) – ਪੰਜਾਬ ਰਾਜ ਮੰਡੀ ਬੋਰਡ ਵੱਲੋਂ 1.4 ਕਰੋੜ ਰੁਪਏ ਦੀ ਨਾਲ ਢਾਕੀ ਰੋਡ ਤੋਂ ਸਬਜ਼ੀ ਮੰਡੀ ਤੱਕ ਜਾਂਦੀ 0.45 ਕਿਲੋਮੀਟਰ ਲੰਬੀ ਸੜਕ ਦੀ ਨਵ-ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ ਅਤੇ ਜਲਦੀ ਹੀ ਇਹ ਸੜਕ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਸੜਕ ਦੇ ਨਿਰਮਾਣ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਰਵਸ਼੍ਰੀ ਵਿਪਨ ਮਹਾਜਨ ਚੇਅਰਮੈਨ ਮਾਰਕੀਟ ਕਮੇਟੀ, ਰਾਕੇਸ਼ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਾਮ ਕਿਸ਼ਨ ਐਕਸੀਅਨ, ਬਿਸ਼ੰਬਰ ਦਾਸ ਐਸ.ਡੀ.ਓ., ਬਲਬੀਰ ਸਿੰਘ ਸਕੱਤਰ ਮਾਰਕੀਟ ਕਮੇਟੀ, ਸੁਰਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਪਠਾਨਕੋਟ, ਭਗਵਤੀ ਚਰਨ ਅਤੇ ਇਲਾਕੇ ਦੇ ਪੱਤਵੰਤੇ ਹਾਜ਼ਰ ਸਨ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਲੋਕਾਂ ਦੀ 37 ਸਾਲ ਤੋਂ ਚਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ 1977 ਵਿੱਚ ਬਣਨੀ ਚਾਹੀਦੀ ਸੀ ਪਰ ਕੁਝ ਕਾਰਨਾਂ ਕਰਕੇ ਨਹੀਂ ਬਣ ਸਕੀ ਅੱਜ ਇਸ ਸੜਕ ਦੇ ਬਣਨ ਨਾਲ ਸਬਜ਼ੀ ਮੰਡੀ, ਦਾਣਾ ਮੰਡੀ, ਨਹਿਰੂ ਨਗਰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਸੜਕ 100 ਫੁੱਟ ਚੌੜੀ ਹੈ ਅਤੇ ਇਸ ਸੜਕ ਦਾ ਲਗਭਗ 90 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਦੋਹਾਂ ਪਾਸੇ 24 ਲੱਖ ਰੁਪਏ ਦੀ ਲਾਗਤ ਨਾਲ ਦੀਵਾਰਾਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਸਾਲ ਦੇ ਅੰਦਰ ਅੰਦਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਢਾਂਗੂ ਰੋਡ ਸੜਕ ਦੀ ਨਵ ਉਸਾਰੀ ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਸਾਇਡਾਂ ‘ਤੇ ਬਣਾਏ ਜਾ ਰਹੇ ਬਰਮਾਂ ‘ਤੇ ਲੋਕਿੰਗ ਟਾਇਲਾਂ ਵੀ ਲਗਾਈਆਂ ਜਾਣਗੀਆਂ। ਜਿਸ ਨਾਲ ਸੜਕ ਦੇ ਕਿਨਾਰੇ ਮਜਬੂਤ ਹੋਣਗੇ।
Punjab Post Daily Online Newspaper & Print Media