ਸਫ਼ਲ ਸੇਵਾ ਨਾਂ ਦਾ ਸੋਵਨੀਅਰ ਜਾਰੀ

ਅੰਮ੍ਰਿਤਸਰ, 30 ਜੂਨ (ਗੁਰਚਰਨ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਲੋੜਵੰਦ ਰੋਗੀਆਂ ਦੀ ਮਦਦ ਕਰਨ ਦੇ ਨਾਲ-ਨਾਲ ਭਾਈ ਘਨ੍ਹਈਆ ਜੀ ਦੇ ਮਾਨਵਵਾਦੀ ਬ੍ਰਹਮੀ ਵਿਚਾਰਧਾਰਾ ਦੇ ਪ੍ਰਸਾਰ ਲਈ ਸਫ਼ਲ ਸੇਵਾ ਨਾਂ ਦਾ ਬਹੁਰੰਗੀ ਸੋਵਨੀਅਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾਵਾਚਕ ਅਤੇ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।
ਸੁਸਾਇਟੀ (ਰਜਿ.) ਵੱਲੋਂ ਸਾਲ 2014-15 ਦੌਰਾਨ 1,84,000 ਗਰੀਬ ਰੋਗੀਆਂ ਦਾ ਇਲਾਜ ਕੀਤਾ ਗਿਆ। ਸੁਸਾਇਟੀ ਇਸ ਵੇਲੇ ਅੰਮ੍ਰਿਤਸਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਪ੍ਰਮੁੱਖ ਹਸਪਤਾਲਾਂ ਵਿੱਚ ਆਪਣੇ ਸੇਵਾ ਕੇਂਦਰ ਖੋਲ੍ਹ ਕੇ ਗਰੀਬਾਂ ਦੀ ਮਦਦ ਕਰ ਰਹੀ ਹੈ।ਇਤਨਾ ਹੀ ਨਹੀਂ ਸੁਸਾਇਟੀ ਆਪਣੇ ਸਾਲਾਨਾ ਇਕ ਕਰੋੜ ਅਠੱਤੀ ਲੱਖ ਦੇ ਬਜਟ ਚੋਂ ਪੀ.ਜੀ.ਆਈ. ਚਡੀਗੜ੍ਹ, ਏਮਜ਼ ਨਵੀਂ ਦਿੱਲੀ, ਕੈਂਸਰ ਹਸਪਤਾਲ ਮੁੰਬਈ, ਸੀ.ਐਮ.ਸੀ, ਡੀ.ਐਮ.ਸੀ. ਲੁਧਿਆਣਾ ਅਤੇ ਹੋਰ ਪ੍ਰਮੁੱਖ ਹਸਪਤਾਲਾਂ ‘ਚ ਰੋਗੀਆਂ ਦੇ ਇਲਾਜ ਲਈ ਮਦਦ ਕਰ ਰਹੀ ਹੈ।ਇਹ ਜਾਣਕਾਰੀ ਭਾਈ ਮਨਜੀਤ ਸਿੰਘ ਚੇਅਰਮੈਨ ਨੇ ਸਮਾਗਮ ਦੌਰਾਨ ਸੰਗਤਾਂ ਨੂੰ ਦਿੱਤੀ।
ਸਫ਼ਲ ਸੇਵਾ ਸੋਵਨੀਅਰ ਦੀ ਸ਼ਲਾਘਾ ਕਰਦਿਆਂ ਭਾਈ ਪਿੰਦਰਪਾਲ ਸਿੰਘ ਨੇ ਕਿਹਾ ਕਿ ਬ੍ਰਹਮ ਗਿਆਨੀ ਭਾਈ ਘਨ੍ਹਈਆ ਜੀ ਦੀ ਸੇਵਾ ਸੰਸਾਰ ਦੇ ਲੋਕਾਂ ਲਈ ਅਦੁੱਤੀ ਮਿਸਾਲ ਹੈ।ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਸੇਵਾ ਕਰਨ ਨਾਲ ਅਧਿਆਤਮਿਕਤਾ ਦਾ ਵਿਕਾਸ ਹੁੰਦਾ ਹੈ।
ਇਸ ਵਿਸ਼ੇਸ਼ ਸਮਾਗਮ ਦੌਰਾਨ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਸਤਬੀਰ ਸਿੰਘ ਚੋਜੀ, ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ. ਅਵਤਾਰ ਸਿੰਘ ਜੀ ਸੀਨੀਅਰ ਡਿਪਟੀ ਮੇਅਰ, ਭੁਪਿੰਦਰ ਸਿੰਘ ਪੈਟਰਨ, ਇੰਜ. ਦਰਸ਼ਨ ਸਿੰਘ ਪ੍ਰਧਾਨ, ਪਿੰz. ਬਲਜਿੰਦਰ ਸਿੰਘ ਮੀਤ ਪ੍ਰਧਾਨ, ਜਸਬੀਰ ਸਿੰਘ ਸੇਠੀ ਜਨਰਲ ਸਕੱਤਰ, ਸੁਰਿੰਦਰ ਸਿੰਘ ਵਿੱਤ ਸਕੱਤਰ, ਗਿਆਨੀ ਚਰਨ ਸਿੰਘ ਜਾਇੰਟ ਸਕੱਤਰ, ਦਵਿੰਦਰ ਸਿੰਘ ਪ੍ਰੈਸ ਸਕੱਤਰ, ਜੋਗਿੰਦਰ ਸਿੰਘ ਟੰਡਨ, ਡਾ. ਅਮਰੀਕ ਸਿੰਘ, ਰਣਬੀਰ ਸਿੰਘ ਰਾਣਾ, ਧਰਮ ਬੀਰ ਸਿੰਘ, ਹਰਬਚਨ ਸਿੰਘ, ਚਰਨਜੀਤ ਸਿੰਘ ਵਾਲੀਆ ਅਤੇ ਬਲਦੇਵ ਸਿੰਘ, ਸ੍ਰੀ ਪਵਨ ਕੁਮਾਰ, ਆਦਿ ਹਾਜ਼ਰ ਸਨ।
Punjab Post Daily Online Newspaper & Print Media