ਜਾਨਕੀ ਦੀ ਮਾਤਾ ਵੱਲੋਂ 1983 ਵਿੱਚ ਮਰੇ ਪਤੀ ਦਾ 1984 ਸਿੱਖ ਕਤਲੇਆਮ ਦੇ ਨਾਂਅ ‘ਤੇ ਮੁਆਵਜ਼ਾ ਲੈਣ ਦਾ ਕੀਤਾ ਖੁਲਾਸਾ

ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਖਿਲਾਫ਼ ਸਿੱਖ ਜਥੇਬੰਦੀ ਸਿੱਖਜ਼ ਫਾਰ ਜਸ਼ਟਿਸ ਵੱਲੋਂ 1984 ਸਿੱਖ ਕੱਤਲੇਆਮ ਦੀ ਪੀੜਿਤ ਬੀਬੀ ਜਾਨਕੀ ਕੌਰ ਦੇ ਹਵਾਲੇ ਨਾਲ ਦੋਸ਼ ਲਗਾ ਕੇ ਸੰਮਨ ਜਾਰੀ ਕਰਵਾਉਣ ਵਾਲੀ ਬੀਬੀ ਨੂੰ ਉਸ ਦੇ ਪਰਿਵਾਰਕ ਮੈਂਬਰ ਨੇ ਹੀ ਗਲਤ ਅਤੇ ਫਰਜ਼ੀ ਕਰਾਰ ਦਿੱਤਾ ਹੈ। ਕਮੇਟੀ ਦਫਤਰ ਵਿੱਖੇ ਜਾਨਕੀ ਕੌਰ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਦੋਸ਼ਾਂ ਦਾ ਪੁਲੰਦਾ ਲੈ ਕੇ ਪੁੱਜੀ ਉਸ ਦੀ ਭਰਜਾਈ ਬੀਬੀ ਕੌਸ਼ਲਿਆ ਕੌਰ ਨੇ ਜਾਨਕੀ ਕੌਰ ਅਤੇ ਉਸ ਦੀ ਮਾਤਾ ਗੁਰਦੀਪ ਕੌਰ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ।ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਮੀਤ ਪ੍ਰਧਾਨ ਸਤਪਾਲ ਸਿੰਘ ਨੂੰ ਸੌਂਪੇ ਆਪਣੇ ਸ਼ਿਕਾਇਤੀ ਪੱਤਰ ਵਿੱਚ ਕੌਸ਼ਲਿਆ ਕੌਰ ਨੇ ਆਪਣੇ ਪਤੀ ਦੀ ਮੌਤ ਉਪਰੰਤ 76 ਬੀ, ਤਿਲਕ ਵਿਹਾਰ, ਦੇ ਫਲੈਟ ਤੇ ਜਾਨਕੀ ਕੌਰ ਦੀ ਮਾਤਾ ਅਤੇ ਜੀਜ਼ਾ ਜਸਬੀਰ ਸਿੰਘ ਵੱਲੋਂ ਕਬਜਾ ਕਰਨ ਦਾ ਦੋਸ਼ ਲਗਾਇਆ ਹੈ।ਕੌਸ਼ਲਿਆ ਕੌਰ ਵੱਲੋਂ ਇਸ ਸੰੰਬੰਧ ਵਿੱਚ ਕੇਸ ਜਿੱਤਣ ਉਪਰੰਤ ਪੰਜ ਲੱਖ ਰੁਪਏ ਦੇਣ ਦੇ ਪਰਿਵਾਰ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਨਾ ਕਰਦੇ ਹੋਏ ਜਾਨਕੀ ਕੌਰ ਦੇ ਪਰਿਵਾਰ ਵੱਲੌਂ ਅਮਰੀਕਾ ਭੱਜ ਜਾਣ ਦਾ ਵੀ ਖੁਲਾਸਾ ਕੀਤਾ ਹੈ।
ਜਾਨਕੀ ਕੌਰ ਦੀ ਮਾਤਾ ਗੁਰਦੀਪ ਕੌਰ ਵੱਲੋਂ ਝੂਠ ਬੋਲ ਕੇ 1983 ਵਿੱਚ ਗੁਆਂਢ ਵਿੱਚ ਅੱਗ ਲਗਣ ਕਰਕੇ ਮਾਰੇ ਗਏ ਆਪਣੇ ਪਤੀ ਦੀ ਮੌਤ ਦਾ ਮੁਆਵਜ਼ਾ 1984 ਵਿੱਚ ਸਿੱਖ ਕੱਤਲੇਆਮ ਵਿੱਚ ਮਰਿਆ ਵਿਖਾ ਕੇ ਲੈਣ ਦਾ ਵੀ ਕੌਸ਼ਲਿਆ ਨੇ ਦੋਸ਼ ਲਗਾਇਆ ਹੈ।ਦਿੱਲੀ ਕਮੇਟੀ ਵੱਲੋਂ ਕੌਸ਼ਲਿਆ ਕੌਰ ਦੀ ਇਸ ਸੰਬੰਧ ਵਿੱਚ ਪੂਰੀ ਕਾਨੂੰਨੀ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ, ਪੱਪੂ ਨੇ ਕਿਹਾ ਕਿ ਕੌਸ਼ਲਿਆ ਕੌਰ ਦੀ ਸ਼ਿਕਾਇਤ ਨੇ ਇੱਕ ਗੱਲ ਸਾਫ ਕਰ ਦਿੱਤੀ ਹੈ ਕਿ ਕਮੇਟੀ ਪ੍ਰਧਾਨ ਦੇ ਖਿਲਾਫ਼ ਬਦਸਲੂਕੀ ਦਾ ਦੋਸ਼ ਲਗਾਉਣ ਵਾਲੀ ਜਾਨਕੀ ਕੌਰ ਦਾ ਪੂਰਾ ਪਰਿਵਾਰ ਗੈਰ ਕਾਨੂੰਨੀ ਅਤੇ ਫਰਜ਼ੀਵਾੜੇ ਦੇ ਕਾਰਜ ਕਰਦਾ ਹੋਇਆ ਖੁੱਦ ਕਿਰਦਾਰਕ ਤੌਰ ਤੇ ਸੰਪੂਰਣ ਨਹੀਂ ਹੈ। ਅਮਰੀਕਾ ਵਿਖੇ ਜਾਨਕੀ ਕੌਰ ਦੀ ਸ਼ਿਕਾਇਤ ਤੇ ਦਰਜ ਹੋਏ ਸੰਮਨ ਨੂੰ ਸਤਪਾਲ ਸਿੰਘ ਨੇ ਇਸ ਖੁਲਾਸੇ ਦੇ ਬਾਅਦ ਗਲਤ ਕਰਾਰ ਦਿੰਦੇ ਹੋਏ ਪ੍ਰਧਾਨ ਜੀ.ਕੇ ਦੇ ਸਹੀ ਹੋਣ ਦਾ ਵੀ ਦਾਅਵਾ ਕੀਤਾ।
Punjab Post Daily Online Newspaper & Print Media