ਮਲੇਰਕੋਟਲਾ/ ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਇਲੈਕਟ੍ਰੋਪਲੈਟਿੰਗ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੌਧਰੀ ਉਮਰਦੀਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਸ਼੍ਰੀ ਰਾਜੇਸ਼ ਸਿੰਗਲਾ ਅਤੇ ਸਕੱਤਰ ਸ੍ਰੀ ਪ੍ਰਦੀਪ ਜੈਨ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਸਮਾਲ ਸਕੇਲ ਇੰਡਸਟਰੀ ਬਹੁਤ ਹੀ ਮੰਦੀ ਵਿਚੋਂ ਗੁਜਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇੰਡਸਟਰੀ ਦੀ ਲੇਬਰ ਨੂੰ ਅਦਾਇਗੀ ਚੈੱਕ ਰਾਹੀਂ ਅਤੇ ਟਰਾਂਸਪੋਰਟ ਅਤੇ ਹੋਰ ਭਾੜਿਆਂ ਤੇ ਟੀ.ਡੀ.ਐੱਸ ਕੱਟੇ ਜਾਣ ਸਬੰਧੀ ਕਾਨੂੰਨ ਲਾਗੂ ਕਰਨ ਨਾਲ ਛੋਟੀ ਇੰਡਸਟਰੀ ਨੂੂੰ ਚਲਾਉਣਾ ਹੋਰ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨਾਲ ਉਦਯੋਗਪਤੀ ਆਪਣੇ ਕਾਰੋਬਾਰ ਨੂੰ ਛੱਡ ਕੇ ਸਰਕਾਰੀ ਕਾਗਜੀ ਕਾਰਵਾਈ ਵਿੱਚ ਹੀ ਉਲਝਿਆ ਰਹੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਅੱਜ ਦੇ ਸਮੇਂ ਵਿਚ ਵੱਡੇ ਉਦਯੋਗਾਂ ਦੀ ਮਾਰ ਤੋਂ ਛੋਟੀ ਇੰਡਸਟਰੀ ਪਹਿਲਾਂ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਪੂਰੀ ਜੱਦੋਜਹਿਦ ਕਰ ਰਹੀ ਹੈ। ਪਰੰਤੂ ਜੇਕਰ ਸਰਕਾਰੀ ਮਾਪਦੰਡ ਇਸੇ ਤਰ੍ਹਾਂ ਸਖਤ ਜਾਂ ਪੇਚੀਦਾ ਹੁੰਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਛੋਟੇ ਯੂਨਿਟ ਬਿਲਕੁਲ ਬੰਦ ਹੋਣ ਦੀ ਕਗਾਰ ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਛੋਟੇ ਉਦਯੋਗਾਂ ਨੂੰ ਪ੍ਰਫੂਲਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਅਜਿਹੇ ਕਾਨੂੰਨ ਬਣਾਏ ਜਾ ਰਹੇ ਹਨ ਜਿਨ੍ਹਾਂ ਨਾਲ ਛੋਟੇ ਯੂਨਿਟਾਂ ਨੂੰ ਚਲਾਉਣਾ ਅਸੰਭਵ ਹੋ ਜਾਵੇਗਾ। ਮੀਟਿੰਗ ਵਿਚ ਸਮੂਹ ਮੈਂਬਰਾਨ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਜਿਹੇ ਨਿਯਮਾਂ ਤੋਂ ਸਮਾਲ ਸਕੇਲ ਇੰਡਸਟਰੀ ਨੂੰ ਪੂਰੀ ਤਰ੍ਹਾਂ ਛੁੱਟ ਦਿੱਤੀ ਜਾਵੇ। ਮੀਟੰਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media