ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ਲਿਆ ਸਖ਼ਤ ਨੋਟਿਸ
ਬਠਿੰਡਾ, 1 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਪੱਤਰਕਾਰਾਂ ਦੀ ਜਥੇਬੰਦੀ ਪੰਜਾਬ ਯੂਨੀਅਨ ਆਫ਼ ਜਰਨਲਿਸਟ ਰਾਜਿ. (ਪੀਯੂਜੇ) ਨੇ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਦੇ ਮਾਮਲੇ ਵਿਚ ਜਿੱਥੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਉਥੇ ਹੀ ਪੰਜਾਬ ਸਰਕਾਰ ਨੂੰ ਇਸ ਗੱਲੋਂ ਖ਼ਬਰਦਾਰ ਕੀਤਾ ਹੈ ਕਿ ਉਹ ਪਿਛਲੇ ਸਮੇਂ ਤੋਂ ਪੱਤਰਕਾਰਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ, ਇਸ ਤਰ੍ਹਾਂ ਕਿਸੇ ਵੀ ਪੱਤਰਕਾਰ ਨੂੰ ਜਦੋਂ ਮਰਜ਼ੀ ਪੁਲਸ ਚੁੱਕੇ ਤੇ ਬਿਨਾਂ ਕਿਸੇ ਪੜਤਾਲ ਤੋਂ ਪਰਚਾ ਦਰਜ ਕਰਕੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ, ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਹਨ। ਇਸ ਸਮੇਂ ਬਿਆਨ ਜਾਰੀ ਕਰਦਿਆਂ ਪੀਯੁਜੇ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਅਸੀਂ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਇਸ ਗੱਲ ਦਾ ਸੱਦਾ ਦਿੰਦੇ ਹਾਂ ਕਿ ਉਹ ਪ੍ਰੈੱਸ ਦੀ ਆਜ਼ਾਦੀ ‘ਤੇ ਪੰਜਾਬ ਸਰਕਾਰ ਵੱਲੋਂ ਮਾਰੇ ਜਾ ਰਹੇ ਡਾਕਿਆਂ ਦਾ ਡਟ ਕੇ ਵਿਰੋਧ ਕਰਨ।
ਇਸ ਵੇਲੇ ਹੇਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਸ ਵਿਰੁੱਧ ਉੱਠ ਰਹੇ ਲੋਕ ਰੋਹ ਨੂੰ ਇਸ ਤਰ੍ਹਾਂ ਪੁਲਿਸ ਦੀ ਤਾਕਤ ਨਾਲ ਨਹੀਂ ਦਬਾਅ ਸਕਦੀ।ਪੱਤਰਕਾਰ ਬਲਤੇਜ ਪੰਨੂ ਤੇ ਬਿਨਾਂ ਪੜਤਾਲ ਤੋਂ ਪਰਚਾ ਦਰਜ ਕੀਤਾ ਹੈ ਉਹ ਸਰਕਾਰ ਦੀ ਪੱਤਰਕਾਰਾਂ ਵਿਰੁੱਧ ਬੌਖਲਾਹਟ ਦਾ ਨਤੀਜਾ ਹੈ।ਬਲਤੇਜ ਪੰਨੂ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੀਆ ਗਲਤ ਨੀਤੀਆਂ ਸੋਸ਼ਲ ਮੀਡੀਆ ਵਿਚ ਨਸ਼ਰ ਕਰ ਰਿਹਾ ਸੀ।ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਪੱਤਰਕਾਰ ਤੇ ਦੋਸ਼ ਲਗਦੇ ਹਨ ਤਾਂ ਇਸ ਸਬੰਧੀ ਨਿਯਮ ਵਿਧਾਨ ਅਪਣਾਉਣੇ ਚਾਹੀਦੇ ਸਨ ਜੋ ਪੁਲਿਸ ਨੇ ਪੰਨੂ ਉੱਤੇ ਦਰਜ ਹੋਏ ਕੇਸ ਵਿਚ ਨਹੀਂ ਅਪਣਾਏ। ਸ੍ਰੀ ਹੇਰਾਂ ਨੇ ਕਿਹਾ ਕਿ ਪੱਤਰਕਾਰ ਕਿਸੇ ਔਰਤ ਦੇ ਹੱਕਾਂ ਦੇ ਖ਼ਿਲਾਫ਼ ਨਹੀਂ ਹਨ, ਪਰ ਪੱਤਰਕਾਰ ਸਮਾਜ ਦਾ ਇਕ ਸਤਿਕਾਰਯੋਗ ਵਿਅਕਤੀ ਹੈ।ਉਸ ਦੇ ਹੱਕਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ।ਹੇਰਾਂ ਨੇ ਕਿਹਾ ਕਿ ਉਹ ਕੱਲ੍ਹ ਤੋਂ ਹੀ ਪੰਜਾਬ ਸਰਕਾਰ ਵਿਰੁੱਧ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ, ਭਾਰਤ ਦੇ ਪ੍ਰਧਾਨ ਮੰਤਰੀ, ਚੀਫ਼ ਜਸਟਿਸ ਮਾਨਯੋਗ ਸੁਪਰੀਮ ਕੋਰਟ ਭਾਰਤ ਤੇ ਚੀਫ਼ ਜਸਟਿਸ ਮਾਨਯੋਗ ਹਾਈ ਕੋਰਟ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ ਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਨੂੰ ਭੇਜ ਰਹੇ ਹਨ। ਇਹ ਮੰਗ ਪੱਤਰ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਜਾਣਗੇ।ਜਿਸ ਵਿਚ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲੇ ਰੋਕਣ ਲਈ ਤਾਂ ਮੰਗ ਹੋਵੇਗੀ ਹੀ, ਨਾਲ ਹੀ ਇਹ ਵੀ ਕਿਹਾ ਜਾਵੇਗਾ ਕਿ ਜਦੋਂ ਵੀ ਕਿਸੇ ਪੱਤਰਕਾਰ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਸਮੇਂ ਦੋ ਸੀਨੀਅਰ ਪੱਤਰਕਾਰਾਂ, ਇਕ ਪੁਲਸ ਤੇ ਇਕ ਸਿਵਲ ਅਧਿਕਾਰੀ ਅਤੇ ਇਕ ਸਮਾਜਿਕ ਕਾਰਕੁਨ ਦੀ ਕਮੇਟੀ ਬਣਾ ਕੇ ਪਹਿਲਾਂ ਪੜਤਾਲ ਕਰਾਈ ਜਾਵੇ, ਜੇਕਰ ਪੱਤਰਕਾਰ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਇਹ ਮੰਗ ਵੀ ਕਰਾਂਗੇ ਕਿ ਬਲਤੇਜ ਪੰਨੂ ਖ਼ਿਲਾਫ਼ ਕੋਈ ਵੀ ਨਿਯਮ ਵਿਧਾਨ ਨਾ ਅਪਣਾ ਕੇ ਗ੍ਰਿਫ਼ਤਾਰ ਕਰਨ ਵਾਲੇ ਪੁਿਲਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਹੋਵੇ ਤੇ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਹੇਰਾਂ ਨੇ ਕਿਹਾ ਕਿ ਮੋਗਾ ਰੈਲੀ ਵਿਚ ਪੱਤਰਕਾਰਾਂ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ ਤੇ ਨਾਲ ਹੀ ਬਠਿੰਡਾ ਦੇ ਪੱਤਰਕਾਰ ਅਨਿਲ ਵਰਮਾ ਨੂੰ ਵੀ ਧਮਕਾਇਆ ਜਾ ਰਿਹਾ ਹੈ, ਇਹ ਬਰਦਾਸ਼ਤ ਨਹੀਂ ਹੋਵੇਗਾ।
ਸ. ਹੇਰਾਂ ਨੇ ਕਿਹਾ ਕਿ ਇਸ ਸਬੰਧੀ ਵੱਖ ਵੱਖ ਪੱਤਰਕਾਰਾਂ ਨਾਲ ਕੀਤੀ ਗਈ ਗੱਲ ਤੋਂ ਬਾਅਦ ਇਹ ਤੈਅ ਹੋਇਆ ਹੈ ਕਿ ਜੇਕਰ ਪੰਜਾਬ ਸਰਕਾਰ ਸੁਸਤ ਰਹਿੰਦੀ ਹੈ ਤਾਂ ਪੱਤਰਕਾਰ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਉਨ੍ਹਾਂ ਕਿਹਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਲੁਧਿਆਣਾ ਵਿਚ ਇਕ ਵੱਡਾ ਰੋਸ ਮਾਰਚ ਪੰਜਾਬ ਸਰਕਾਰ ਦੇ ਵਿਰੁੱਧ ਪੱਤਰਕਾਰਾਂ ਵੱਲੋਂ ਕੀਤਾ ਜਾਵੇਗਾ।ਉਸ ਤੋਂ ਬਾਅਦ ਪ੍ਰਮੁੱਖ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਇਕ ਵੱਡਾ ਸੈਮੀਨਾਰ ਕਰਾਇਆ ਜਾਵੇਗਾ। ਇਸ ਸਮੇਂ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਇਹ ਮਾਮਲਾ ਅਜਿਹਾ ਹੈ ਜੋ ਕਿਸੇ ਵੀ ਆਦਰਸ਼ਵਾਦੀ ਪੱਤਰਕਾਰ ਦੇ ਵਿਰੁੱਧ ਕਿਸੇ ਵੇਲੇ ਵੀ ਖੜਾ ਕੀਤਾ ਜਾ ਸਕਦਾ ਹੈ।ਇਸ ਲਈ ਸਾਰੇ ਪੱਤਰਕਾਰ ਵੀਰ ਇੱਕਮੁੱਠ ਹੋਣ।
Punjab Post Daily Online Newspaper & Print Media