Friday, March 6, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿੰਪੋਜ਼ੀਅਮ ਆਨ ਐਡਵਾਂਸਜ਼ ਇਨ ਕੈਮੀਕਲ ਸਾਇੰਸਜ਼ ਆਰੰਭ

PPN0203201613

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਦੋ ਦਿਨਾਂ ਪੰਜਵਾਂ ਨੈਸ਼ਨਲ ਸਿੰਪੋਜ਼ੀਅਮ ਆਨ ਐਡਵਾਂਸਜ਼ ਇਨ ਕੈਮੀਕਲ ਸਾਇੰਸਜ਼ ਆਰੰਭ ਹੋਇਆ। ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਸਿੰਪੋਜ਼ੀਅਮ 3 ਫਰਵਰੀ ਨੂੰ ਸੰਪੰਨ ਹੋਵੇਗਾ ਅਤੇ ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ, (ਡੀਐਸਟੀ-ਸੀਈਆਰਬੀ), ਨਵੀਂ ਦਿੱਲੀ ਅਤੇ ਰਾਇਲ ਸੋਸਾਇਟੀ ਆਫ ਕੈਮਿਸਟਰੀ, ਕੈਮਬ੍ਰਿਜ, ਲੰਡਨ, ਯੂ.ਕੇ. ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਿਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਪ੍ਰੋਫੈਸਰ, ਖੋਜ ਵਿਗਿਆਨੀਆਂ ਤੋ ਇਲਾਵਾ ਵਿਦੇਸ਼ੀ ਬੁੱਧੀਜੀਵੀ ਵੀ ਭਾਗ ਲੈ ਰਹੇ ਹਨ। ਇਸ ਮੌਕੇ ਇਕ ਸੋਵੀਨਰ ਅਤੇ ਐਬਸਟਰੈਕਟ ਕਿਤਾਬ ਵੀ ਰਿਲੀਜ਼ ਕੀਤੀ ਗਈ।
ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦੇ ਡਾਇਰੈਕਟਰ, ਪ੍ਰੋਫੈਸਰ ਪੀ. ਭਾਲਾਰਾਮ ਇਸ ਮੌਕੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਕੁੰਜੀਵਤ ਭਾਸ਼ਣ ਦਿੱਤਾ। ਪ੍ਰੋ. ਸੁਬੋਧ ਕੁਮਾਰ ਨੇ ਮਹਿਮਾਨਾਂ ਅਤੇ ਹੋਰਨਾਂ ਦਾ ਸਵਾਗਤ ਕੀਤਾ। ਸਿੰਪੋਜ਼ੀਅਮ ਦੇ ਕਨਵੀਨਰ, ਪ੍ਰੋ. ਗੀਤਾ ਹੁੰਦਲ ਨੇ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਸਿੰਪੋਜ਼ੀਅਮ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੇ ਮੁਖੀ, ਪ੍ਰੋ. ਮਨੋਜ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਾਈਸ-ਚਾਂਸਲਰ ਵੱਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
ਪ੍ਰੋ. ਬਰਾੜ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਸਮਾਜ ਵਿਚ ਰਸਾਇਣ ਦੀ ਭੂਮਿਕਾ ਬਾਰੇ ਬੋਲਦਿਆਂ ਰਸਾਇਣ ਵਿਗਿਆਨੀਆਂ ਵੱਲੋਂ ਕਮਰਸ਼ੀਅਲ ਕਾਢਾਂ ਅਤੇ ਉਦਪਾਦਨਾਂ ਰਾਹੀਂ ਮਨੁੱਖਤਾ ਦੀ ਸੇਵਾ ਵਿਚ ਪਾਏ ਯੋਗਦਾਨ ਬਾਰੇ ਵੀ ਦੱਸਿਆ। ਉਨ੍ਹਾਂ ਗੈਰ ਵਰਤੋਂ ਉਤਪਾਦਨ ਅਤੇ ਕੈਮੀਕਲਾਂ ਦਾ ਰਹਿੰਦ-ਖੂੰਹਦ ਨਾਲ ਸਬੰਧਤ ਬੀਮਾਰੀਆਂ ਅਤੇ ਪ੍ਰਦੂਸ਼ਣ ਕਿਸ ਤਰ੍ਹਾਂ ਪਾਣੀ, ਹਵਾ, ਭੋਜਨ ਨੂੰ ਪ੍ਰਦੁਸ਼ਿਤ ਕਰਦੇ ਹਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਰਸਾਇਣ ਵਿਗਿਆਨੀ ਮਨੁੱਖਤਾ ਨੂੰ ਦਰਪੇਸ਼ ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ ਅਤੇ ਪ੍ਰਫੁਲਿਤ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਖਤਰਿਆਂ ਨੂੰ ਘਟਾਉਂਣਾ ਅਤੇ ਕੈਮੀਕਲ ਮੈਨੇਜਮੈਂਟ ਖੋਜ ਦਾ ਜਰੂਰੀ ਭਾਗ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦ-ਖੂੰਹਦ ਨੂੰ ਉਸਾਰੂ ਕੰਮਾਂ ਲਈ ਵਰਤਿਆਂ ਜਾਂਦਾ ਹੈ ਜਦੋਂਕਿ ਭਾਰਤ ਵਿਚ ਇਸ ਪ੍ਰਤੀ ਹੋਰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਵਿਗਿਆਨ ਦੀਆਂ ਕਾਢਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਵਿਸ਼ਵ ਦਾ ਮੁਕਾਬਲਾ ਕਰ ਸਕੀਏ।
ਪ੍ਰੋ. ਪੀ. ਬਾਲਾਰਾਮ ਨੇ ਕੈਮਿਸਟਰੀ ਅਤੇ ਵਾਤਾਵਰਣ ਦੇ ਸਬੰਧਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਆਰਗੈਨਿਜ਼ਮ ਵਿਚਲੇ ਕੈਮੀਕਲ ਸੰਚਾਰ ਦੀਆਂ ਪੇਚੀਦਗੀਆਂ ਜੈਵਿਕ ਰਸਾਇਣ ਮਾਹਿਰਾਂ, ਜੀਵ ਮਾਹਿਰਾਂ ਅਤੇ ਵਾਤਵਰਣ ਮਾਹਿਰਾਂ ਦੇ ਸਾਂਝੇ ਯਤਨਾਂ ਨਾਲ ਸਮਝੀਆਂ ਜਾ ਸਕਦੀਆਂ ਹਨ। ਉਨ੍ਹਾਂ ਇਸ ਮੌਕੇ ਕੁਦਰਤ ਤੋਂ ਹੋਣ ਵਾਲੀਆਂ ਮਹੱਤਵਪੂਰਨ ਰਸਾਇਣਿਕ ਖੋਜਾਂ ਬਾਰੇ ਵੀ ਚਾਨਣਾ ਪਾਇਆ ਜੋ ਕਿ ਮਨੁੱਖੀ ਕਲਿਆਣ ਲਈ ਲਾਹੇਵੰਦ ਸਾਬਤ ਹੋਈਆਂ ਹਨ। ਉਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਲਾਭਕਾਰੀ ਵੱਖ-ਵੱਖ ਜੀਵਾਂ ਵੱਲੋਂ ਪੈਦਾ ਕੀਤੇ ਰਸਾਇਣਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੌਜੁਆਨ ਖੋਜਾਰਥੀਆਂ ਨੂੰ ਕਿਹਾ ਕਿ ਭਾਵੇਂ ਕਿ ਉਹ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦੇ ਹਨ ਪਰ ਉਹ ਰਲਮਿਲ ਕੇ ਕੁਦਰਤ ਤੋਂ ਨਵੇਂ ਅਣੂਆਂ ਦੀ ਖੋਜ ਕਰਨ ਤਾਂ ਜੋ ਮਾਰੂ ਬੀਮਾਰੀਆਂ ਦਾ ਇਲਾਜ ਲੱਭਿਆ ਜਾ ਸਕੇ।  ਅੱਜ ਹੋਏ ਦੋ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਆਈ.ਆਈ.ਟੀ. ਇੰਦੌਰ ਦੇ ਪ੍ਰੋ. ਪੀ. ਮਾਥੁਰ ਅਤੇ ਪ੍ਰੋ. ਏ. ਨਾਂਗੀਆ ਨੇ ਕੀਤੀ। ਇਨ੍ਹਾਂ ਸੈਸ਼ਨਾਂ ਵਿਚ ਯੌਰਕ ਯੂਨੀਵਰਸਿਟੀ, ਯੂ.ਕੇ. ਤੋਂ ਪ੍ਰੋ. ਡੇਵਿਡ ਸਮਿਥ, ਮਾਨਚੈਸਟਰ ਯੂਨੀਵਰਸਿਟੀ ਤੋਂ ਪ੍ਰੋ. ਰਿਚਰਡ ਲੇਫੀਲਡ, ਕੈਮਬ੍ਰਿਜ ਯੂਨੀਵਰਸਿਟੀ ਤੋਂ ਡਾ. ਇਰਵਿਨ ਰੈਸਨਰ, ਈਡਨਬਰਗ ਯੂਨੀਵਰਸਿਟੀ ਤੋਂ ਅਲੀਸਨ ਹੁਲਮ, ਆਈ.ਆਈ.ਟੀ. ਇੰਦੌਰ ਤੋਂ ਪ੍ਰੋ. ਪੀ. ਮਾਥੁਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਮੈਟਰੀਅਲ ਸਾਇੰਸਜ਼ ਜਪਾਨ ਤੋਂ ਪ੍ਰੋ. ਕੰਟਾਰੋ ਤਾਸ਼ਿਰੋ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply