
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਸਰਕਾਰੀ ਆਈ. ਟੀ. ਆਈ, ਰਣਜੀਤ ਐਵੇਨਿਊ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਬਣੀਆਂ ਮੋਟਰ ਮਕੈਨਿਕ ਅਤੇ ਟਰਨਰ ਟਰੇਡਾਂ ਦੀਆਂ ਵਰਕਸ਼ਾਪਾਂ ਦਾ ਉਦਘਾਟਨ ਕੀਤਾ। ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਇਸ ਆਈ. ਟੀ. ਆਈ ਨੂੰ ਸੂਬੇ ਦੀਆਂ ਬਿਹਤਰੀਨ ਸਿਖਲਾਈ ਸੰਸਥਾਵਾਂ ਵਿਚ ਸ਼ਾਮਿਲ ਕਰਨਾ ਉਨ੍ਹਾ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਸੰਸਥਾ ਦੇ ਖੇਡ ਮੈਦਾਨ ਲਈ 2 ਲੱਖ ਰੁਪਏ ਦੇਣ ਤੋਂ ਇਲਾਵਾ ਸੜਕ ਨੂੰ ਵੀ ਜਲਦ ਬਣਾਉਣ ਦਾ ਐਲਾਨ ਕੀਤਾ।
ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣਾਉਣਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਸੋਚ ਹੈ। ਇਸੇ ਲਈ ‘ਸਕਿੱਲ ਇੰਡੀਆ’ ਅਤੇ ‘ਮੇਕ ਇੰਨ ਇੰਡੀਆ’ ਵਰਗੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸਭ ਤੋਂ ਵੱਧ ਨੌਜਵਾਨ ਸ਼ਕਤੀ ਭਾਰਤ ਵਿਚ ਹੈ ਅਤੇ ਇਥੋਂ ਦੀ 65 ਫੀਸਦੀ ਆਬਾਦੀ ਨੌਜਵਾਨਾਂ ਦੀ ਹੈ ਅਤੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸੁਖਾਲ਼ਾ ਕੰਮ ਨਹੀਂ ਹੈ। ਇਸੇ ਲਈ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ ਜਾਵੇ। ਇਸ ਕੰਮ ਲਈ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਸ਼ੇਸ਼ ਯੋਗਦਾਨ ਦੇ ਰਹੀਆਂ ਹਨ, ਜਿਥੋਂ ਸਿਖਲਾਈ ਹਾਸਲ ਕਰਕੇ ਨੌਜਵਾਨ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣ ਰਹੇ ਹਨ।
ਇਸ ਮੌਕੇ ਸੰਸਥਾ ਵਿਚ ਵਾਹਿਗੁਰੂ ਦੇ ਸ਼ੁਕਰਾਨੇ ਲਈ ਰਖਾਏ ਗਏ ਪਾਠ ਦੇ ਭੋਗ ਪਾਏ ਗਏ। ਇਸ ਤੋਂ ਪਹਿਲਾਂ ਪ੍ਰਿੰਸੀਪਲ ਇੰਜੀ: ਸੰਜੀਵ ਸ਼ਰਮਾ ਨੇ ਸੰਸਥਾ ਵਿਚ ਪਹੁੰਚਣ ‘ਤੇ ਸ੍ਰੀ ਜੋਸ਼ੀ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਸੰਸਥਾ ਦੇ ਕਾਇਆ ਕਲਪ ਦਾ ਸਾਰਾ ਸਿਹਰਾ ਸ੍ਰੀ ਜੋਸ਼ੀ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਵਿਸ਼ੇਸ਼ ਰੁਚੀ ਲੈਂਦਿਆਂ ਇਸ ਸੰਸਥਾ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਇਸ ਮੌਕੇ ਸੰਸਥਾ ਦਾ ਸਟਾਫ, ਸਿਖਿਆਰਥੀ ਅਤੇ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media