
ਅੰਮ੍ਰਿਤਸਰ 3 ਮਈ (ਪੰਜਾਬ ਪੋਸਟ ਬਿਊਰੋ) – ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੂਨੀ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਿਲਕੁੱਲ ਸਾਹਮਣੇ ਭਾਜਪਾ ਆਗੂ ਨਰਿੰਦਰ ਮੋਦੀ ਨੁਮਾ ਤਸਵੀਰ ਛਾਪ ਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਵਲ਼ੂੰਧਰਣ ਵਾਲੇ ਮਨਦੀਪ ਸਰੋਆ (ਦੀਪ ਕੁਮਾਰ) ਦੇ ਖਿਲਾਫ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਕਿਸੇ ਵੀ ਵਿਅਕਤੀ ਜਾਂ ਸੰਸਥਾਂ ਨੂੰ ਛੇੜ-ਛਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਅੱਜ ਜਾਰੀ ਇੱਕ ਬਿਆਨ ਰਾਹੀਂ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਵੱਖ-ਵੱਖ ਧਰਮਾਂ ਦੇ ਲੋਕ ਨਤਮੱਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਮਨਦੀਪ ਸਰੋਆ (ਦੀਪ ਕੁਮਾਰ) ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰੂਨੀ ਭਾਗ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਪ੍ਰਕਾਸ਼ ਦੇ ਸਾਹਮਣੇ ਜਿਹੜੀ ਨਰਿੰਦਰ ਮੋਦੀ ਨੁਮਾ ਤਸਵੀਰ ਬਣਾ ਕੇ ਨਾ-ਮੁਆਫੀ ਯੋਗ ਗਲਤੀ ਕੀਤੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਵੱਟਸ-ਐਪ ਅਤੇ ਫੇਸਬੁੱਕ ਤੁਰੰਤ ਸੂਚਨਾ ਦੇਣ ਦਾ ਇੱਕ ਵਧੀਆ ਜ਼ਰੀਆ ਜ਼ਰੂਰ ਬਣਿਆ ਹੈ, ਪਰ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆ ਹਨ। ਜਥੇਦਾਰ ਨੇ ਜਿੱਥੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜ਼ਾਰੀ ਕਰ ਕੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ, ਉੱਥੇ ਸਿੱਖ ਸੰਗਤਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਸੀ ਸਦ-ਭਾਵਨਾ ਅਤੇ ਸ਼ਾਂਤੀ ਬਣਾਈ ਰੱਖਣ ਤਾਂ ਕਿ ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਈ ਜਾ ਸਕੇ।
Punjab Post Daily Online Newspaper & Print Media