
ਸੰਦੌੜ, 12 ਮਾਰਚ (ਭੱਟ)- ਦਿਨੋਂ ਦਿਨ ਗੁਰਸਿੱਖੀ ਸਿਧਾਂਤਾਂ ਦੇ ਉੱਚੇ ਸੁਚੱਜੇ ਜੀਵਨ ਨੂੰ ਤਿਆਗ ਕੇ ਨੌਜਵਾਨ ਪੀੜੀ ਦਾ ਨਸ਼ਿਆਂ ਵਿਚ ਗ਼ਲਤਾਨ ਅਤੇ ਦੁਨਿਆਵੀ ਬੇਲੋੜੇ ਅੱਧ ਨੰਗਿਆਂ ਪਹਿਰਾਵਿਆਂ ਵਿਚ ਗ੍ਰਸਤ ਹੋ ਕੇ ਕੁਰਾਹੇ ਪੈਣਾ ਸਿੱਖ ਕੌਮ ਦੇ ਭਵਿੱਖ ਲਈ ਅਤਿ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਇਸ ਨੂੰ ਪ੍ਰਫੁੱਲਿਤ ਕਰ ਰਹੇ ਪੰਥ ਲਈ ਆਪਣਾ ਆਪ ਨਿਛਾਵਰ ਕਰਨ ਦੀ ਇੱਛਾ ਰੱਖਣ ਵਾਲੇ ਕੁੱਝ ਨੌਜੁਆਨ ਗੁਰਸਿੱਖ ਅਤੇ ਹੋਰ ਗੁਰੂ ਪਿਆਰੇ ਸਹਿਜਧਾਰੀ ਸਿੱਖ ਵੀਰ ਜੋ ਬਗੈਰ ਕਿਸੇ ਨਿੱਜੀ ਭਾਵਨਾ ਅਤੇ ਸਹਿਯੋਗ ਤੋਂ ਬਿਨਾਂ ਮਹਿੰਗਾਈ ਭਰੇ ਦੌਰ ਵਿਚ ਕੀਮਤੀ ਸਮਾਂ ਕੱਢ ਕੇ ਆਪਣੇ ਖ਼ਰਚਿਆਂ ਅਤੇ ਮਿਹਨਤ ਸਦਕਾ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਦਸਤਾਰ, ਗਤਕਾ, ਗੁਰਬਾਣੀ ਸੰਥਿਆ, ਸ਼ਬਦ ਕੀਰਤਨ ਸਿਖਲਾਈ ਅਤੇ ਹੋਰ ਵਿੱਦਿਅਕ ਅਤੇ ਸਭਿਆਚਾਰਕ ਮੁਕਾਬਲੇ ਕਰਵਾਉਂਦੇ ਹਨ।ਉਨ੍ਹਾਂ ਵਲ਼ੋਂ ਨਿਭਾਈ ਜਾ ਰਹੀ ਇਸ ਮਹਾਨ ਦੇਣ ਨੂੰ ਕੁੱਝ ਧਾਰਮਿਕ ਅਤੇ ਸਮਾਜਿਕ ਪਾਰਖੂ ਨਜ਼ਰਾਂ ਵੱਲੋਂ ਸਤਿਕਾਰ ਯੋਗ ਸ਼ਖ਼ਸੀਅਤਾਂ ਤੋਂ ਇਲਾਵਾ ਆਪਣੇ ਆਪ ਨੂੰ ਧਰਮ ਦੇ ਵੱਡੇ ਪ੍ਰਚਾਰਕ ਕਹਿਣ ਵਾਲੇ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਲੀਡਰਾਂ ਵੱਲੋਂ ਅਣਦੇਖਾ ਕਰਨਾ ਦਿਨੋਂ ਦਿਨ ਸਿੱਖੀ ਜੀਵਨ ਦੇ ਹੋ ਰਹੇ ਨਿਘਾਰ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਹਿਬ ਸੇਵਾ ਸੁਸਾਇਟੀ ਦੇ ਚੇਅਰਮੈਨ ਅਤੇ ਉੱਘੇ ਲੇਖਕ ਹਰਮਿੰਦਰ ਭੱਟ ਸਿੰਘ ਨੇ ਇੱਕ ਸਮਾਗਮ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨ ਨੂੰ ਆਪਣੀ ਹੀ ਕੌਮ ਦੇ ਆਗੂ ਵਿਸਾਰਦੇ ਜਾ ਰਹੇ ਹਨ ਜਦ ਕਿ ਹੋਰਾਂ ਮੁਲਕਾਂ ਅਤੇ ਧਰਮਾਂ ਦੇ ਲੋਕ ਗੁਰੂ ਸਾਹਿਬ ਜੀ ਦੇ ਜੀਵਨ ਸਿਧਾਂਤਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੰਵਾਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਨਾਜ਼ੁਕ ਸਮੇਂ ਵਿਚ ਗੁਰਸਿੱਖੀ ਜੀਵਨ ਅਤੇ ਪੰਜਾਬ ਦੀ ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਦਾ ਯਤਨ ਕਰ ਰਹੇ ਨੌਜੁਆਨਾਂ ਵੱਲੋਂ ਪਿੰਡ-ਪਿੰਡ ਜਾ ਕੇ ਪੰਜਾਬ ਦੇ ਲੋਕਾਂ ਨੂੰ ਮੁੜ ਸਭਿਆਚਾਰ ਨਾਲ ਜੋੜਨ ਦਾ ਵਡਮੁੱਲਾ ਯਤਨ ਕੀਤਾ ਜਾ ਰਿਹਾ ਹੈ। ਇੰਨਾ ਨੌਜੁਆਨਾਂ ਨੂੰ ਹੌਸਲੇ ਤੇ ਮਾਨ ਸਨਮਾਨ ਤੇ ਪੂਰਨ ਸਹਿਯੋਗ ਦੇਣ ਦੀ ਜ਼ਰੂਰਤ ਹੈ ਤਾਂ ਕਿ ਗੁਰ ਇਤਿਹਾਸ, ਗੁਰਬਾਣੀ, ਸ਼ਬਦ-ਕੀਰਤਨ, ਸਿੱਖੀ ਦੀ ਸਾਨ੍ਹ ਖ਼ੂਬਸੂਰਤ ਦਸਤਾਰ ਸਜਾਉਣ ਦੇ ਬਰੀਕੀ ਨੁਕਤਿਆਂ ਅਤੇ ਹੋਰ ਵਿੱਦਿਅਕ ਅਤੇ ਵਿੱਸਰਦੇ ਜਾ ਰਹੇ ਸਭਿਆਚਾਰ ਬਾਰੇ ਵਿਸਥਾਰ ਵਿਚ ਸਿੱਖਿਆਰਥੀਆਂ ਨੂੰ ਜਾਣਕਾਰੀ ਦੇ ਸਕਣ।
Punjab Post Daily Online Newspaper & Print Media