
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)- ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈੱਨਰੀ ਡਿਊਨਾ ਦਾ ੧੮੭ਵਾਂ ਜਨਮ ਦਿਹਾੜਾ ਵਿਸ਼ਵ ਰੈੱਡ ਕਰਾਸ ਦਿਵਸ ਵਜੋਂ ਸਥਾਨਕ ਐੱਮਜੀਡੀ ਸਕੂਲ ਫਾਰ ਡੈੱਫ ਐਂਡ ਡੰਬ ਵਿਖੇ ਧੂਮਧਾਮ ਅਤੇ ਸ਼ਰਧਾ ਪੂਰਬਕ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰੈੱਡ ਕਰਾਸ ਸੰਸਥਾ ਦੇ ਅਵੇਤਨੀ ਸਕੱਤਰ ਅਤੇ ਐੱਸਡੀਐੱਮ ਮੌੜ ਪਰਮਦੀਪ ਸਿੰਘ ਖ਼ਹਿਰਾ ਪੀਸੀਐੱਸ ਪਹੁੰਚੇ। ਉਹਨਾਂ ਨਾਲ ਸਿਵਲ ਸਰਜਨ ਡਾ.ਵਿਨੋਦ ਗਰਗ, ਬੀਟੀਓ ਡਾ.ਇੰਦਰਦੀਪ ਸਰਾਂ, ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰੈੱਡ ਕਰਾਸ ਦੇ ਲਾਈਫ਼ ਮੈਂਬਰਜ਼/ਕਾਰਜਕਾਰੀ ਕਮੇਟੀ ਮੈਂਬਰ ਹਾਜ਼ਰ ਸਨ।
ਸੰਸਥਾ ਬਾਨੀ ਹੈੱਨਰੀ ਡਿਊਨਾ ਨੂੰ ਮੁੱਖ ਮਹਿਮਾਨ ਪਰਮਦੀਪ ਸਿੰਘ ਖ਼ਹਿਰਾ ਵੱਲੋਂ ਸ਼ਰਧਾ ਸੁਮਨ ਭੇਂਟ ਕੀਤੇ ਗਏ। ਉਨਾਂ ਸਮਾਗਮ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਲੋੜ ਹੈ ਸਾਨੂੰ ਹੈੱਨਰੀ ਡਿਊਨਾ ਅਤੇ ਭਾਈ ਘੱਨਈਆ ਜੀ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਮਾਨਵਤਾ ਦੀ ਭਲਾਈ ਲਈ ਅੱਗੇ ਆਉਣ ਦੀ। ਉਹਨਾਂ ਕਿਹਾ ਕਿ ਸਾਡੇ ਸੰਤਾਂ, ਮਹਾਂਪੁਰਸ਼ਾਂ ਅਤੇ ਸਾਡੇ ਧਾਰਮਿਕ ਗੰ੍ਰਥਾਂ ਨੇ ਵੀ ਮਾਨਵਤਾ ਦੀ ਸੇਵਾ ਦਾ ਹੀ ਸੰਦੇਸ਼ ਦਿੱਤਾ ਹੈ। ਉਨਾਂ ਅਪੀਲ ਕੀਤੀ ਕਿ ਇਸ ਸੰਸਥਾ ਨਾਲ ਵੱਧ ਤੋਂ ਵੱਧ ਲੋਕ ਜੁੜਣ ਤਾਂ ਜੋ ਇਸ ਦੀਆਂ ਸੇਵਾਵਾਂ ਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ। ਰੈੱਡ ਕਰਾਸ ਦਿਵਸ ਦੇ ਇਤਿਹਾਸ ਅਤੇ ਹੈੱਨਰੀ ਡਿਊਨਾ ਜੀ ਦੀ ਜੀਵਨੀ ਬਾਰੇ ਸਹਾਇਕ ਨਰੇਸ਼ ਪਠਾਣੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਨ ਸ਼ਖ਼ਸ਼ੀਅਤ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਮਾਨਵਤਾ ਦੀ ਭਲਾਈ ਲਈ ਰੈੱਡ ਕਰਾਸ ਸੰਸਥਾਵਾਂ ਦੇ ਗਠਨ ਵਿੱਚ ਲਗਾਇਆ। ਅੱਜ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਰੈੱਡ ਕਰਾਸ ਸੰਸਥਾਵਾਂ ਦੁਖੀ ਮਾਨਵਤਾ ਦੇ ਕਲਿਆਣ ਲਈ ਕਾਰਜ ਕਰ ਰਹੀਆਂ ਹਨ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ੩੦ ਯੂਨਿਟਾਂ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਜ਼ਿਲੇ ਦੇ ਉੱਘੇ ਖ਼ੂਨਦਾਨੀ ਹਰਦੀਪ ਸਿੰਘ ਨੇ ੯੯ਵੀਂ ਵਾਰ ਆਪਣਾ ਖ਼ੂਨਦਾਨ ਕੀਤਾ। ਪੁਲਿਸ ਵਿਭਾਗ ਦੇ ਆਈਜੀ ਵਿੰਗ ਅਤੇ ਬੰਬ ਸੁਕਐੱਡ ਦੇ ਮੁਲਾਜਮਾਂ ਨੇ ਵੀ ਖੂਨਦਾਨ ਕਰਕੇ ਹੈੱਨਰੀ ਡਿਊਨਾ ਨੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸਮਾਜਿਕ ਵਿਸ਼ਿਆਂ ਤੇ ਡੈੱਫ ਐਂਡ ਡੰਬ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਵੱਲੋਂ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਸੋਸ਼ਲ ਵਰਕਰ ਅਨਿਲ ਸਰਾਫ ਅਤੇ ਰਕੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਰਿਫਰੈੱਸ਼ਮੈਂਟ ਦਿੱਤੀ ਗਈ। ਸਕੂਲ ਪ੍ਰਿੰਸੀਪਲ ਮਨਿੰਦਰ ਭੱਲਾ ਅਤੇ ਰੈੱਡ ਕਰਾਸ ਦੇ ਸੀਨੀਅਰ ਸਹਾਇਕ ਵਿਦਿਆ ਸਾਗਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੈੱਡ ਕਰਾਸ ਦੇ ਸਮਾਜਿਕ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਐਡਵੋਕੇਟ ਬੰਸੀ ਲਾਲ ਸਚਦੇਵਾ ਨੇ ਨਿਭਾਈ। ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ ਖ਼ੂਨ ਇਕੱਤਰ ਕੀਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media