ਖੂਨਦਾਨ ਮਹਾਨ ਅਤੇ ਪੁੰਨ ਵਾਲਾ ਕਾਰਜ- ਰਵੀ ਭਗਤ

ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਖੂਨਦਾਨ ਕਰਨਾ ਇੱਕ ਮਹਾਨ ਅਤੇ ਪੁੰਨ ਵਾਲਾ ਕਾਰਜ ਹੈ ਅਤੇ ਖੂਨਦਾਨ ਨਾਲ ਅਸੀਂ ਕਈ ਕੀਮਤੀ ਜਾਨਾਂ ਨੂੰ ਸਮੇ ਸਿਰ ਬਚਾਅ ਸਕਦੇ ਹਾਂ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਜ਼ਿਲ੍ਹਾ ਰੈੱਡ ਕਰਾਸ ਅੰਮ੍ਰਿਤਸਰ ਵਿਖੇ ਮਨਾਏ ਵਰਲਡ ਰੈਡ ਕਰਾਸ ਦਿਵਸ ਮੌਕੇ ਕੀਤਾ। ਇਸ ਮੌਕੇ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵੀ ਮੌਜੂਦ ਸਨ।ਇਸ ਮੌਕੇ ਸ੍ਰੀ ਰਵੀ ਭਗਤ ਨੇ ਖੂਨ ਦਾਨ ਨੂੰ ਮਹਾਨ ਦਾਨ ਦੱਸਦੇ ਹੋਏ ਕਿਹਾ ਕਿ ਸਾਡੇ ਵੱਲੋਂ ਦਿੱਤਾ ਹੋਇਆ ਖੂਨ ਕਈ ਵਿਅਕਤੀਆਂ ਦੀ ਜਾਨ ਬਚਾਅ ਸਕਦਾ ਹੈ, ਸੋ ਸਾਨੂੰ ਸਾਰਿਆਂ ਨੂੰ ਇਸ ਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਨਾਂ ਦੱਸਿਆ ਕਿ ਇਕੱਠਾ ਕੀਤਾ ਇਹ ਖੂਨ ਗਰੀਬ, ਲੋੜਵੰਦ ਅਤੇ ਐਮਰਜੈਸੀ ਹਾਲਤਾਂ ਦੌਰਾਨ ਵੰਡ ਦਿੱਤਾ ਜਾਂਦਾ ਹੈ। ਖੂਨਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ‘ਤੇ ਜ਼ੋਰ ਦੰਦਿੰਆਂ ਉਨਾ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਖੂਨਦਾਨ ਕਰਨ ਨਾਲ, ਕਮਜ਼ੋਰੀ ਜਾਂ ਸਰੀਰ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੂਨ ਦੇਣ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਆਦਿ ਨਹੀ ਹੁੰਦੀ ਹੈ।ਇਸ ਮੌਕੇ ਰੈਡ ਕਰਾਸ ਵਿਖੇ ਖੂਨਦਾਨ ਕੈਪ ਵੀ ਲਗਾਇਆ, ਜਿਸ ਦਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋਂ ਉਦਘਾਟਨ ਕੀਤਾ ਗਿਆ। ਉਨਾਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸਰ ਜੀਨ.ਹੈਨਰੀ ਦੁਨੱਟ ਅਤੇ ਭਾਈ ਘਨੱਈਆ ਜੀ ਦੀਆਂ ਤਸਵੀਰਾਂ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ। ਖੂਨਦਾਨ ਕੈਂਪ ਵਿਚ 70 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਿਨੇ ਸ਼ਰਮਾ ਸੈਕਟਰੀ ਜਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਸੁਸਾਇਟੀ ਦੇ ਮੈਂਬਰ ਆਦਿ ਹਾਜ਼ਰ ਸਨ।
Punjab Post Daily Online Newspaper & Print Media